

ਮਾਨਸਾ, 13 ਜੂਨ (ਹੀਰਾ ਸਿੰਘ ਮਿੱਤਲ): ਪੰਜਾਬ ਸਰਕਾਰ ਦੁਆਰਾ ਸੂਬੇ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਲੜੀ ਤਹਿਤ ਸ਼ੁਰੂ ਕੀਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਮਾਨਸਾ ਪ੍ਰਸ਼ਾਸ਼ਨ ਵੱਲੋ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਚੰਗਾ ਅਤੇ ਗਲਣਸ਼ੀਲ ਪਲਾਸਟਿਕ ਵੇਚਣ ਵਾਲਿਆਂ ਨਾਲ ਸਹਿਯੋਗ ਕਰਕੇ ਪ੍ਰਸਾਸ਼ਨ ਦੁਆਰਾ ਗਲਣਸ਼ੀਲ ਪਲਾਸਟਿਕ ਅਤੇ ਚੌਲਾਂ ਦੇ ਬੂਰ ਤੋਂ ਬਣੇ ਲਿਫ਼ਾਫੇਆ ਦੀ ਵਰਤੋ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਆਸਾਨੀ ਨਾਲ ਗਲਣ ਵਾਲੇ ਇਸ ਪਲਾਸਟਿਕ ਦੀ ਵਰਤੋ ਸਿਹਤ ਅਤੇ ਵਾਤਾਵਰਨ ਨੂੰ ਸਵੱਸਥ ਰੱਖਣ ਵਿਚ ਸਹਾਈ ਸਿੱਧ ਹੋਵੇਗੀ।
ਐਸ.ਡੀ.ਐਮ ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ 70 ਮੁਲਾਜ਼ਮਾਂ ਨੂੰ ਇਕ ਪ੍ਰੋਫਾਰਮਾ ਬਣਾ ਕੇ ਸ਼ਹਿਰ ਦੀਆਂ ਦੁਕਾਨਾਂ ਦਾ ਜਾਇਜ਼ਾ ਲੈਣ ਦੀ ਜੋ ਹਦਾਇਤ ਕੀਤੀ ਹੈ, ਉਸ ਦੀ ਪਾਲਣਾ ਕਰਦੇ ਹੋਏ 70 ਮੁਲਾਜ਼ਮਾਂ ਦੀ ਇਹ ਟੀਮ ਸ਼ਹਿਰ ਦੀ ਹਰ ਦੁਕਾਨ ਤੇ ਜਾ ਕੇ ਪਲਾਸਟਿਕ ਦੇ ਸਾਮਾਨ ਦਾ ਜਇਜ਼ਾ ਲੈ ਰਹੀ ਹੈ ਅਤੇ ਨਾਲ ਹੀ ਪਲਾਸਟਿਕ ਦੀ ਵਰਤੋ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਇਨ੍ਹਾਂ ਦੁਕਾਨਦਾਰਾਂ ਨੂੰ ਜਾਣੂ ਕਰਵਾ ਰਹੀ ਹੈ। ਚੈਕਿੰਗ ਟੀਮ ਦੁਆਰਾ ਹਰ ਦੁਕਾਨਦਾਰ ਨੂੰ ਇਕ ਹਫ਼ਤੇ ਦੀ ਹਦਾਇਤ ਦੇ ਕੇ ਪਲਾਸਟਿਕ ਦੀ ਵਰਤੋ ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਕੋਲ ਪਏ ਸਟਾਕ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ।
ਇਹ ਮੁਲਾਜ਼ਮ ਹਰ ਦੁਕਾਨਦਾਰ ਨੂੰ ਗਲਣਸ਼ੀਲ ਲਿਫਾਫੇਆਂ ਦੀ ਇਕ ਕਿੱਟ ਦੇ ਕੇ ਇਸ ਦੀ ਵਰਤੋ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਪ੍ਰਗਤੀ ਨੂੰ ਇਕ ਨਿਰਧਾਰਿਤ ਪ੍ਰੋਫਾਰਮੇ ਵਿਚ ਭਰ ਕੇ ਅਤੇ ਮੌਕੇ ਤੇ ਹੀ ਦੁਕਾਨਦਾਰ ਨੂੰ ਗਲਣਸ਼ੀਲ ਲਿਫ਼ਾਫੇਆਂ ਦੀ ਕਿੱਟ ਦੇਣ ਸਮੇਂ ਦੀ ਇਕ ਫੋਟੋ ਕਲਿੱਕ ਕਰਕੇ ਇਹ ਰਿਕਾਰਡ ਮੇਨਟੇਨ ਰੱਖਿਆ ਜਾ ਰਿਹਾ ਹੈ।
ਪਲਾਸਟਿਕ ਦੀ ਵਰਤੋ ਦੇ ਨੁਕਸਾਨ ਬਾਰੇ ਸ੍ਰੀ ਕਪਲਿਸ਼ ਦਾ ਕਹਿਣਾ ਹੈ ਕਿ ਪਲਾਸਟਿਕ ਦੀ ਵਰਤੋ ਨਾਲ ਸੀਵਰੇਜ਼ ਬਲੌਕੇਜ਼, ਵਾਤਾਵਰਨ ਪ੍ਰਦੂਸ਼ਣ ਜਿਹੀਆਂ ਸਮੱਸਿਆਵਾਂ ਤਾਂ ਆਉਂਦੀਆਂ ਹਨ। ਲੋਕਾਂ ਦੁਆਰਾ ਵਰਤੋ ਕਰਨ ਤੋਂ ਬਾਅਦ ਸੁੱਟਿਆ ਗਿਆ ਪਲਾਸਟਿਕ ਗਲਦਾ ਨਹੀਂ ਅਤੇ ਇਸ ਦਾ ਖਾਤਮਾ ਕਰਨਾ ਅਸੰਭਵ ਹੋ ਜਾਂਦਾ ਹੈ। ਇਸ ਲਈ ਪਲਾਸਟਿਕ ਦੀ ਵਰਤੋ ਤੇ ਰੋਕ ਲਗਾਉਣਾ ਹੀ ਇਸ ਦਾ ਹੱਲ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਚੰਗਾ ਅਤੇ ਗਲਣਸ਼ੀਲ ਪਲਾਸਟਿਕ ਵੇਚਣ ਵਾਲਿਆਂ ਨਾਲ ਤਾਲਮੇਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਗਲਣਸ਼ੀਲ ਪਲਾਸਟਿਕ ਅਤੇ ਚੌਲਾਂ ਦੇ ਬੂਰ ਤੋਂ ਬਣੇ ਲਿਫਾਫੇਆਂ ਦੀ ਵਰਤੋ ਕਰਨ ਤਾਂ ਜੋ ਪੰਜਾਬ ਨੂੰ ਪਲਾਸਟਿਕ ਮੁਕਤ ਬਣਾਉਣ ਵਿਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।
EDITED BY : SARA YAHA | | Last Updated :13 June2018






















