ਮਾਨਸਾ ਦਾ ਸੀਨੀਅਰ ਕਪਤਾਨ ਪੁਲੀਸ ਗਾਇਬ!

0
358

ਮਾਨਸਾ, 26 ਅਕਤੂਬਰ : ਹਮੇਸ਼ਾ ਦਲੇਰਾਨਾ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਵਜੋਂ ਜਾਣਿਆਂ ਜਾਂਦਾ ਮਾਨਸਾ ਦਾ ਸੀਨੀਅਰ ਕਪਤਾਨ ਪੁਲੀਸ ਡਾ ਨਰਿੰਦਰ ਭਾਰਗਵ ਪਿਛਲੇ ਦੋ ਦਿਨਾਂ ਤੋਂ ਅਲੋਪ ਹੋ ਗਿਆ ਹੈ। ਉਹ ਲੋਕਾਂ ਨੂੰ ਮਿਲਕੇ ਹਮੇਸ਼ਾ ਖੁਸ਼ ਹੁੰਦਾ ਸੀ ਅਤੇ ਅੱਜਕਲ੍ਹ ਲੋਕਾਂ ਤੋਂ ਹੀ ਡਰਨ ਲੱਗ ਪਿਆ ਹੈ। ਜਿਹੜਾ ਪੁਲੀਸ ਅਧਿਕਾਰੀ ਦਫ਼ਤਰ ਤੇ ਆਪਣੇ ਗ੍ਰਹਿ ਵਿਖੇ ਹਮੇਸ਼ਾਂ ਆਉਣ ਜਾਣ ਵਾਲਿਆਂ ਦਾ ਸਤਿਕਾਰ ਕਰਦਾ ਹੁੰਦਾ ਸੀ ਅਤੇ ਹੁਣ ਉਹ ਅਚਾਨਕ ਹੀ ਗਾਇਬ ਹੋ ਜਾਵੇ, ਇਸ ਗੱਲ ਤੋਂ ਲੋਕ ਬੜੇ ਹੈਰਾਨ-ਪ੍ਰੇਸ਼ਾਨ ਹੋ ਰਹੇ ਹਨ।
ਪਿਛਲੇ ਲਗਾਤਾਰ ਦੋ ਦਿਨਾਂ ਤੋਂ ਉਨ੍ਹਾਂ ਦੇ ਘਰੋਂ ਅਤੇ ਦਫ਼ਤਰੋਂ ਹੁਣ ਹਰ ਰੋਜ਼ ਹੀ ਮੋਹਤਵਰ ਆਗੂ, ਸਿਆਸੀ ਨੇਤਾ, ਉੱਚ ਅਧਿਕਾਰੀ, ਸਰਕਾਰੇ ਦਰਬਾਰੇ ਟੋਰ ਰੱਖਣ ਵਾਲੇ ਲੋਕ ਪੁੱਛ-ਗਿਛ ਕਰਕੇ ਵਾਪਸ ਮੁੜ ਰਹੇ ਹਨ, ਪਰ ਉਹ ਕਿਸੇ ਨੂੰ ਵੀ ਆਪਣਾ ਟਿਕਾਣਾ ਨਹੀਂ ਦੱਸ ਰਹੇ ਹਨ, ਜਦੋਂਕਿ ਬੈਠੇ ਉਹ ਜਿਲ੍ਹੇ ਵਿੱਚ ਹੀ ਡਿਊਟੀ ਕਰ ਰਹੇ ਹਨ। ਡਾ ਭਾਰਗਵ ਦਾ ਜਿਲ੍ਹੇ ਦੇ ਉਚ ਪੁਲੀਸ ਅਫ਼ਸਰਾਂ ਨੂੰ ਹੀ ਪਤਾ ਹੈ ਕਿ ਉਹ ਕਿੱਥੇ ਬੈਠੇ ਹਨ, ਪਰ ਉਹ ਕਿਸੇ ਨੂੰ ਵੀ ਦੱਸਣ ਤੋਂ ਇਨਕਾਰੀ ਹਨ ਅਤੇ ਨਾ ਹੀ ਕਿਸੇ ਨੂੰ ਇਸਦੀ ਭਿਣਕ ਪਈ ਹੈ।
ਡਾ. ਭਾਰਗਵ ਵੱਲੋਂ ਅਜਿਹਾ ਵਰਤਾਰਾ ਹਰ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਤੇ ਹੀ ਕੀਤਾ ਜਾਂਦਾ ਹੈ, ਦਰਅਸਲ, ਉਹ ਲੋਕਾਂ ਤੋਂ ਤੋਹਫੇ ਲੈਣ ਦੇ ਸ਼ੌਕੀਨ ਨਹੀ ਹਨ, ਸਗੋਂ ਅਜਿਹੀ ਮਿੱਥ ਨੂੰ ਤੋੜਨ ਲਈ ਹੀ ਉਹ ਗਾਇਬ ਹੋਏ ਹਨ ਅਤੇ ਲੋਕਾਂ ਕੋਲੋਂ ਦੀਵਾਲੀ ਦਾ ਕੋਈ ਗਿਫ਼ਟ ਵਸੂਲ ਕਰਨ ਤੋਂ ਜਵਾਬ ਦੇਕੇ ਦਿਲ ਤੋੜਨ ਨਾਲੋਂ ਗਾਇਬ ਹੋਣ ਨੂੰ ਹੀ ਪਹਿਲ ਦੇ ਰਹੇ ਹਨ।
ਉਝ ਡਾ. ਭਾਰਗਵ ਮੰਨਦੇ ਹਨ ਕਿ ਗਿਫ਼ਟ ਕੋਈ ਮਾੜੀ ਭਾਵਨਾ ਨਹੀ, ਪਰ ਇਸ ਨਾਲ ਕਈ ਵਾਰ ਗਲਤ ਧਾਰਨਾ ਪੈਦਾ ਹੋ ਜਾਂਦੀ ਹੈ ਅਤੇ ਉਹ ਇਮਾਨਦਾਰਤਾ ਉੱਪਰ ਦਾਗ ਖੜਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਗਿਫ਼ਟ ਲੈਣ ਜਾਂ ਦੇਣ ਦਾ ਵਿਰੋਧ ਨਹੀਂ ਕਰਦੇ, ਪਰ ਆਪਣੇ ਪਰਿਵਾਰਿਕ ਪਿਛੋਕੜ ਦਾ ਖਿਆਲ ਰੱਖਦਿਆਂ ਤੇ ਤਰਜੀਹ ਦਿੰਦਿਆਂ ਹਮੇਸ਼ਾ ਦਸ਼ਵੰਧ ਕੱਢਕੇ ਪੂੰਨ-ਦਾਨ ਨੂੰ ਤਰਜੀਹ ਦਾ ਹੀ ਖਿਆਲ ਰੱਖਦੇ ਹਨ। ਉਨ੍ਹਾਂ ਨੇ ਆਪਣਾ ਸੁਭਾਅ ਹੀ ਏਸਾ ਬਣਾ ਲਿਆ ਹੈ ਕਿ ਅਜਿਹੇ ਲੈਣ-ਦੇਣ ਵਾਲੇ ਸੱਭਿਆਚਾਰਕ ਤੋਂ ਜਿਨ੍ਹਾਂ ਬਚਿਆ ਜਾਵੇ, ਉਨ੍ਹਾਂ ਹੀ ਚੰਗਾ ਰਹਿੰਦਾ ਹੈ।
ਉਨ੍ਹਾਂ ਜਿਲ਼੍ਹੇ ਦੇ ਸਾਰੇ ਪੁਲੀਸ ਅਧਿਕਾਰੀਆਂ ਨੂੰ ਤੇ ਕਰਮਚਾਰੀਆਂ ਨੂੰ ਅਜਿਹੀ ਰਵਾਇਤ ਨੂੰ ਤੋੜਕੇ ਦੀਵਾਲੀ ਉੱਪਰ ਮਠਿਆਈਆਂ, ਪਟਾਕਿਆਂ, ਤੋਹਫ਼ਆਿਂ ਅਤੇ ਹੋਰ ਫ਼ਾਲਤੂ ਖਰਚ ਕਰਨ ਦੀ ਥਾਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਦਰਖਤ ਲਾਉਣ ਤੇ ਉਨ੍ਹਾਂ ਦਾ ਪਾਲਣ ਪੋਸਣ ਕਰਨ ਦਾ ਸੱਦਾ ਦਿੱਤਾ, ਤਾਂ ਜੋ ਹਰੀ ਦੀਵਾਲੀ ਦਾ ਰੰਗ ਗੂੜ੍ਹਾ ਹੋ ਸਕੇ।

LEAVE A REPLY

Please enter your comment!
Please enter your name here