

ਮਾਨਸਾ, 03 ਜੂਨ(ਸਾਰਾ ਯਹਾ,(ਬਲਜੀਤ ਸ਼ਰਮਾ) : ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਮੀਟਿੰਗ ਰੱਖੀ ਗਈ। ਇਸ ਦੌਰਾਨ ਮੌਜੂਦਾ ਨੂੰ ਇਸ ਐਕਟ ਸਬੰਧੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਲਵਲੀਨ ਕੌਰ ਨੇ ਦੱਸਿਆ ਕਿ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਬਣੇ ਐਕਟ ਤਹਿਤ ਕੋਈ ਵੀ ਬਜ਼ੁਰਗ ਆਪਣੇ ਬੱਚਿਆਂ ਖਿਲਾਫ਼ ਸ਼ਿਕਾਇਤ ਸਬੰਧਤ ਇਲਾਕੇ ਦੇ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.) ਨੂੰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਕਾਇਤ ਇੱਕ ਸਾਧਾਰਨ ਪੇਪਰ ਉੱਤੇ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪ੍ਰਾਰਥੀ ਜਾਂ ਉਸਦੇ ਬੱਚੇ ਐਸ.ਡੀ.ਐਮ. ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ, ਤਾਂ ਉਹ ਡਿਪਟੀ ਕਮਿਸ਼ਨਰ ਮਾਨਸਾ ਕੋਲ ਇਸ ਸਬੰਧੀ ਅਪੀਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਦਾ ਫੈਸਲਾ ਆਖ਼ਰੀ ਮੰਨਿਆ ਜਾਵੇਗਾ ਅਤੇ ਇਸ ਦੀ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਬਰਾੜ ਨੇ ਨਿਰਦੇਸ਼ ਦਿੱਤੇ ਕਿ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੇ ਵੱਖ-ਵੱਖ ਲੰਬਿਤ ਪਏ ਕੇਸਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ, ਡੀ.ਐਸ.ਪੀ. ਸ਼੍ਰੀ ਸਰਬਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਸ਼੍ਰੀ ਅਸ਼ੋਕ ਗਰਗ, ਸ਼੍ਰੀ ਰੁਲਦੂ ਰਾਮ ਬਾਂਸਲ, ਸ਼੍ਰੀ ਬਾਬੂ ਲਾਲ ਸ਼ਰਮਾ, ਸ਼੍ਰੀ ਤੀਰਥ ਸਿੰਘ ਮਿੱਤਲ ਅਤੇ ਸ਼੍ਰੀ ਬਲਵੀਰ ਸਿੰਘ ਮੌਜੂਦ ਸਨ।























