

ਚੰਡੀਗੜ੍ਹ (ਸਾਰਾ ਯਹਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਨਾਜਾਇਜ਼ ਮਾਈਨਿੰਗ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਬਣਾਈ ਗਈ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਨੂੰ ਦਬਾਉਣ ਪਿੱਛੇ ਮਾਈਨਿੰਗ ਮਾਫ਼ੀਆ ਦੇ ਹੱਕ ‘ਚ ਵੱਡੀ ਸਾਜ਼ਿਸ਼ ਹੋਣ ਦਾ ਦਾਅਵਾ ਕੀਤਾ ਹੈ। ‘ਆਪ’ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸਰਕਾਰ ਨੂੰ ਉਕਤ ਰਿਪੋਰਟ ਤੁਰੰਤ ਜਨਤਕ ਕਰਨੀ ਚਾਹੀਦੀ ਹੈ।
ਚੱਢਾ ਨੇ ਕਿਹਾ ਕਿ ਸੂਬੇ ‘ਚ ਪਿਛਲੇ 15 ਸਾਲ ਤੋਂ ਜ਼ਿਆਦਾ ਸਮੇਂ ਵਿੱਚ ਲਗਾਤਾਰ ਮਾਈਨਿੰਗ ਗੁੰਡਾ ਟੈਕਸ ਮਾਫ਼ੀਏ ਨੇ ਜਿੱਥੇ ਵਪਾਰੀਆਂ ਤੇ ਆਮ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ, ਉੱਥੇ ਹੀ ਦੂਜੇ ਪਾਸੇ ਧਰਤੀ ਨੂੰ ਵੀ ਬਰਬਾਦ ਕੀਤਾ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਪਣੀ ਹਵਾਈ ਚੈਕਿੰਗ ਤੋਂ ਬਾਅਦ ਇਸ ਮਾਮਲੇ ‘ਤੇ ਜਾਂਚ ਲਈ ਕੈਬਨਿਟ ਸਬ ਕਮੇਟੀ ਬਣਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦਾ ਦਾਅਵਾ ਕੀਤਾ ਸੀ। ਇਹ ਕਮੇਟੀ ਵੀ ਪੰਜਾਬੀਆਂ ਦੇ ਅੱਖਾਂ ‘ਚ ਘੱਟਾ ਪਾਉਣ ਦੇ ਬਰਾਬਰ ਸਾਬਤ ਹੋਈ ਕਿਉਂਕਿ ਨਾ ਤਾਂ ਹੁਣ ਤੱਕ ਇਸ ਕਮੇਟੀ ਦੇ ਸੁਝਾਵਾਂ ਦੇ ਆਧਾਰ ਉੱਤੇ ਕੋਈ ਨਵੀਂ ਪਾਲਿਸੀ ਬਣਾਈ ਗਈ ਹੈ ਤੇ ਨਾ ਹੀ ਕਿਸੇ ਮਾਫ਼ੀਆ ਨੂੰ ਸਜ਼ਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸਪਸ਼ਟ ਕਰੇ ਕਿ ਕੀ ਇਸ ਕਮੇਟੀ ਨੂੰ ਕਿਸੇ ਵੀ ਦੋਸ਼ੀ ਮਾਫ਼ੀਆ ਦਾ ਨਾਮ ਨਹੀਂ ਲੱਭਿਆ ਜਾਂ ਸਰਕਾਰ ਅਜਿਹੇ ਨਾਵਾਂ ਨੂੰ ਜਨਤਕ ਕਰਕੇ ਕਾਰਵਾਈ ਹੀ ਨਹੀਂ ਕਰਨਾ ਚਾਹੁੰਦੀ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕਰੇ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੜਤਾਲ ਤੋਂ ਬਾਅਦ ਦਿੱਤੇ ਗਏ ਸੁਝਾਵਾਂ ਨੂੰ ਕਿਉਂ ਲਾਗੂ ਨਹੀਂ ਕੀਤਾ ਜਾ ਸਕਦਾ। ਪੰਜਾਬੀਆਂ ਦਾ ਪੂਰਾ ਪੂਰਾ ਹੱਕ ਹੈ ਕਿ ਉਹ ਸੂਬੇ ਦੇ ਇਸ ਅਤਿ ਗੰਭੀਰ ਮਸਲੇ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਪਰ ਸਰਕਾਰ ਇਸ ਸਾਰੇ ਮਸਲੇ ਨੂੰ ਗੋਲ-ਮੋਲ ਕਰ ਕੇ ਦਬਾਉਣਾ ਚਾਹੁੰਦੀ ਹੈ।
ਅੰਤ ਵਿਚ ਚੱਢਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਾਈਨਿੰਗ ਮਾਫ਼ੀਆ ਨੂੰ ਉਤਸ਼ਾਹਿਤ ਕਰਨ ਵਾਲੀ ਆਪਣੀ ਨੀਤੀ ਬਦਲ ਕੇ ਤੁਰੰਤ ਲੋਕ ਪੱਖੀ ਨੀਤੀ ਵੱਲ ਕਦਮ ਨਾ ਚੁੱਕੇ ਤਾਂ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਪੰਜਾਬ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
EDITED BY : SARA YAHA | | Last Updated :17 June 2018























