

ਮਾਨਸਾ, 03 ਜੁਲਾਈ (ਬਲਜੀਤ ਸ਼ਰਮਾ ): ਅੱਜ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਮਗਨਰੇਗਾ ਸਕੀਮ ਦੀ ਪ੍ਰਗਤੀ ਵਾਚਣ ਲਈ ਵੱਖ-ਵੱਖ ਵਿਭਾਗਾਂ ਨਾਲ ਇਕ ਮੀਟਿੰਗ ਜਿਲ੍ਹਾ ਪ੍ਰੀਸ਼ਦ ਵਿਚ ਕੀਤੀ। ਮੀਟਿੰਗ ਵਿਚ ਚਾਲੂ ਵਿੱਤੀ ਸਾਲ ਦੀ ਪ੍ਰਗਤੀ ਤੇ ਵਿਚਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ 876232 ਦਿਹਾੜੀਆਂ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਨੂੰ ਹਰ ਹਾਲਤ ਵਿਚ ਚਾਲੂ ਵਿੱਤੀ ਸਾਲ ਦੌਰਾਨ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਗਨਰੇਗਾ ਸਕੀਮ ਅਧੀਨ ਵੱਧ ਤੋਂ ਵੱਧ ਪ੍ਰੋਜੈਕਟ ਲਾਏ ਜਾਣ ਜਿਸ ਨਾਲ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਜਿਲ੍ਹੇ ਦਾ ਵਿਕਾਸ ਵੀ ਹੋ ਸਕੇ। ਇਸ ਤੋਂ ਬਿਨਾਂ ਜਿਲ੍ਹੇ ਵਿਚ ਚਾਲੂ ਵਿੱਤੀ ਸਾਲ ਦੌਰਾਨ ਲਏ ਜਾਣ ਵਾਲੇ ਵਿਅਕਤੀਗਤ ਕੰਮਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਵੱਧ ਤੋਂ ਵੱਧ ਮਗਨਰੇਗਾ ਸਕੀਮ ਅਧੀਨ ਵਿਅਕਤੀਗਤ ਕੰਮ ਲਏ ਜਾਣ ਜਿਸ ਵਿਚ ਕੈਟਲ ਸ਼ੈੱਡ, ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ ਦੇ ਕੰਮ ਲਏ ਜਾ ਸਕਦੇ ਹਨ। ਇਸ ਨਾਲ ਗਰੀਬ ਲੋਕਾਂ ਦਾ ਰੁਜ਼ਗਾਰ ਵੀ ਚੱਲ ਸਕੇਗਾ ਅਤੇ ਉਨ੍ਹਾਂ ਨੂੰ ਵਧੀਆ ਸੰਸਥਾਗਤ ਢਾਂਚਾ ਮਿਲ ਸਕੇਗਾ।
ਇਸ ਦੌਰਾਨ ਉਨ੍ਹਾਂ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਮਗਨਰੇਗਾ ਸਕੀਮ ਅਧੀਨ ਵੱਧ ਤੋਂ ਵੱਧ ਪਾਰਕ, ਖੇਡ ਮੈਦਾਨਾਂ, ਸਟੇਡੀਅਮ ਅਤੇ ਪਲਾਂਟੇਸ਼ਨ ਦਾ ਕੰਮ ਲਿਆ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਵੱਧ ਤੋਂ ਵੱਧ ਪ੍ਰਗਤੀ ਦਿੱਤੀ ਜਾ ਸਕੇ ਅਤੇ ਨੌਜਾਵਾਨਾਂ ਨੂੰ ਵੀ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਅਕਤੀਗਤ ਕੰਮਾਂ ਸਬੰਧੀ ਹਦਾਇਤਾਂ ਪਹਿਲਾਂ ਹੀ ਸਮੂਹ ਵਿਭਾਗਾਂ ਅਤੇ ਬਲਾਕ ਦਫ਼ਤਰਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਮਗਨਰੇਗਾ ਸਟਾਫ ਨੂੰ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਆ ਗਿਆ ਤਾਂ ਜੋ ਜਿਲ੍ਹਾ ਮਾਨਸਾ ਨੂੰ ਸੂਬੇ ਭਰ ਵਿਚ ਮੋਹਰੀ ਜਿਲ੍ਹਾ ਬਣਾਇਆ ਜਾ ਸਕੇ।
ਇਸ ਮੀਟਿੰਗ ਵਿਚ ਏ.ਡੀ.ਸੀ. (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਮਗਨਰੇਗਾ ਸਟਾਫ਼ ਹਾਜ਼ਰ ਸਨ।






















