

ਬੁਢਲਾਡਾ 01 ਅਗਸਤ (ਸਾਰਾ ਯਹਾਂ/ਅਮਨ ਮੇਹਤਾ) ਬੁਢਲਾਡਾ ਹਲਕੇ ਦੇ ਕਸਬਾ ਬੋਹਾ ਦੇ ਬੱਕਰੀਆਂ ਚਾਰਨ ਵਾਲੇ ਵਿਦਿਆਰਥੀ ਕੋਮਲਦੀਪ ਸਿੰਘ ਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕਰਕੇ ਪੂਰੇ ਜਿਲ੍ਹੇ ਦਾ ਨਾਮ ਚਮਕਾ ਦਿੱਤਾ ਹੈ। ਇੱਕ ਸਾਦੇ ਪਰਿਵਾਰ ਚ ਜੰਮਿਆ ਪਲਿਆ, ਜਿਸਦੀ ਮਾਂ ਘਰ ਵਿੱਚ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ ਤੇ ਪਿਤਾ ਭੱਠੇ ਤੇ ਕੰਮ ਕਰਦਾ ਹੈ, ਇਹ ਲੜਕਾ ਵੀ ਕਦੇ ਆਪਣੇ ਪਿਤਾ ਨਾਲ ਭੱਠੇ ਤੇ ਕੰਮ ਕਰਦਾ ਤੇ ਕਦੇ ਬੱਕਰੀਆਂ ਚਾਰਦਾ ਹੋਇਆ, ਆਪਣੀ ਮਿਹਨਤ ਦੀ ਜ਼ੋਰ ਨਾਲ ਅੱਜ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕਰਕੇ ਸਿਤਾਰੇ ਬਣ ਚਮਕ ਰਿਹਾ ਹੈ। ਬੱਕਰੀਆਂ ਦੇ ਨਾਲ-ਨਾਲ ਇਹ ਪੜਾਈ ਦੀ ਪੱਗ ਵੀ ਬੜੀ ਠਾਠ ਨਾਲ ਸਜਾਈ ਤੇ ਅੱਜ ਜਿਸ ਦਿਨ ਉਹ ਯੂਜੀਸੀ ਨੈਟ ਪਾਸ ਕਰ ਚੁੱਕਾ, ਹਰ ਇੱਕ ਦੇ ਚਿਹਰੇ ਤੇ ਮੁਸਕਾਨ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਾਡਾ ਬੱਕਰੀਆਂ ਚਾਰਨ ਵਾਲਾ ਵੀ ਕਿਸੇ ਨਾਲੋਂ ਘੱਟ ਨਹੀਂ, ਇਹ ਸਿਰਫ਼ ਮਾਂ ਲਖਵੀਰ ਕੌਰ ਅਤੇ ਪਿਤਾ ਹਰਜਿੰਦਰ ਸਿੰਘ ਦੀ ਮਿਹਨਤ ਦੀ ਜਿੱਤ ਨਹੀਂ, ਬਲਕਿ ਹਰ ਉਸ ਨੌਜਵਾਨ ਲਈ ਰਾਹ ਹੈ ਜੋ ਸੋਚਦਾ ਹੈ ਕਿ ਹਾਲਾਤ ਮਾਰ ਪਾ ਜਾਂਦੇ ਹਨ। ਨਹੀਂ, ਉਨ੍ਹਾਂ ਨੂੰ ਜਿੱਤਿਆ ਜਾ ਸਕਦਾ ਹੈ। ਨਾਲ ਹੀ ਉਹ ਮਿਸਾਲ ਹੈ ਜੋ ਦੱਸਦੀ ਹੈ, ਹੁਨਰ ਅਤੇ ਮਿਹਨਤ ਦੇ ਜਜ਼ਬੇ ਨਾਲ ਹਾਲਾਤਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ। ਇਸ ਸੰਬੰਧੀ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਰਾਏ ਸਿੰਗਲਾ, ਠੇਕੇਦਾਰ ਗੁਰਪਾਲ ਸਿੰਘ, ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਭਾਜਪਾ ਆਗੂ ਸੁਖਪਾਲ ਸਿੰਘ, ਮਾਰਕਿਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ, ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸਰਪੰਚ ਜਸਵਿੰਦਰ ਸਿੰਘ ਨੰਬਰਦਾਰ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਮਲਦੀਪ ਨੇ ਔਕੜਾਂ ਨੂੰ ਪਿੱਛੇ ਛੱਡ ਬੁਲੰਦੀਆਂ ਨੂੰ ਛੂਹਣ ਲਈ ਆਪਣੀ ਜਿੰਦ ਜਾਨ ਲਗਾ ਕੇ ਯੂਜੀਸੀ ਨੈਟ ਪ੍ਰੀਖਿਆ ਪਾਸ ਕਰਕੇ ਇਤਿਹਾਸ ਰੱਚ ਦਿੱਤਾ ਹੈ।























