

ਮਾਨਸਾ, 17 ਜੂਨ (ਬਲਜੀਤ ਸ਼ਰਮਾ)-ਸਥਾਨਕ ਸ਼ਹਿਰ ਹੋ ਰਹੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਅੰਤਾਂ ਦੀ ਗਰਮੀ ਤੋਂ ਰਾਹਤ ਪਹੁੰਚਾਈ ਹੈ ਉੱਥੇ ਸਥਾਨਕ ਸ਼ਹਿਰ ਵਿਚ ਇਸ ਬਾਰਿਸ਼ ਨਾਲ ਨਗਰ ਕੌਂਸਲ ਮਾਨਸਾ ਦੇ ਸੀਵਰੇਜ ਪ੍ਰਬੰਧਾਂ ਦੀ ਉਸ ਸਮੇਂ ਪੋਲ ਖੁੱਲ੍ਹ ਗਈ ਜਦੋਂ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਤੇ ਗਲੀਆਂ ਜਲ ਥਲ ਹੋ ਗਈਆਂ। ਕਈ ਥਾਵਾਂ ਤੇ ਰਾਹਗੀਰਾਂ ਦੇ ਲੰਘਣ ਲਈ ਜਗ੍ਹਾ ਵੀ ਨਹੀਂ ਬਚੀ। ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ, ਹਸਪਤਾਲ ਰੋਡ, ਲੱਲੂਆਣਾ ਰੋਡ, ਵਨ ਵੇ ਟਰੈਫਿਕ ਰੋਡ, ਗਊਸ਼ਾਲਾ ਰੋਡ ਨੂੰ ਜਾਂਦੀ ਸੜਕ ਉੁੱਪਰ ਬੇਹਤਾਸ਼ਾ ਪਾਣੀ ਖੜ੍ਹਾ ਹੋਣ ਕਾਰਨ ਇਹ ਸਾਰੀਆਂ ਸੜਕਾਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ।
ਸ਼ਹਿਰ ਦੇ ਕਈ ਵਾਰਡਾਂ ਦੀਆਂ ਗਲੀਆਂ ਅੰਦਰ ਪਾਣੀ ਖੜ੍ਹਾ ਹੋਣ ਕਾਰਨ ਲੋਕ ਘਰਾਂ ਅੰਦਰ ਹੀ ਰਹਿਣ ਲਈ ਮਜ਼ਬੂਰ ਹਨ। ਜਿਸ ਕਰਕੇ ਜ਼ਿਲਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਵਲੋਂ ਸਮੁੱਚੇ ਸ਼ਹਿਰ ਵਿਚ ਪਾਣੀ ਦੇ ਨਿਕਾਸ ਲਈ ਸੀਵਰੇਜ ਪਾਉਣ ਦੇ ਜੋ ਦਾਅਵੇ ਕੀਤੇ ਸਨ ਉਹ ਪੂਰੀ ਤਰ੍ਹਾਂ ਖੋਖਲੇ ਸਾਬਿਤ ਹੋ ਰਹੇ ਹਨ। ਜਿਸ ਨੂੰ ਦੇਖਦਿਆਂ ਨਗਰ ਕੌਂਸਲ ਦੇ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਨੇ ਟੋਟਕੀਆਂ ਕਸਦਿਆਂ ਕਿਹਾ ਕਿ ਜੇਕਰ ਨਗਰ ਕੌਂਸਲ ਪਾਣੀ ਨਿਕਾਸੀ ਦਾ ਪ੍ਰਬੰਧ ਨਹੀਂ ਕਰ ਸਕਦੀ ਤਾਂ ਉਹ ਕਿਸ਼ਤੀਆਂ ਦਾ ਹੀ ਪ੍ਰਬੰਧ ਕਰ ਦੇਵੇ।
EDITED BY : SARA YAHA | | Last Updated :17 June 2018






















