

ਨਵੀਂ ਦਿੱਲੀ (ਸਾਰਾ ਯਹਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਹੋਈ ਨੀਤੀ ਆਯੋਗ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੇਸ਼ ਭਰ ਦੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਲਈ ਪਹਿਲ ਦੇ ਆਧਾਰ ‘ਤੇ ਕੇਂਦਰ ਤੇ ਸੂਬਿਆਂ ਦੇ ਸਹਿਯੋਗ ਨਾਲ ਵਿਸ਼ੇਸ਼ ਸਕੀਮ ਬਣਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਵੀ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ ਵਰ੍ਹੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਜੱਲਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਲਈ ਵਿਸ਼ੇਸ਼ ਕੇਂਦਰੀ ਸਹਿਯੋਗ ਦੀ ਮੰਗ ਕੀਤੀ। ਆਪਣੇ ਸੰਬੋਧਨੀ ਭਾਸ਼ਣ ਵਿੱਚ ਕੈਪਟਨ ਨੇ ਕਿਹਾ ਕਿ 2019 ਪੂਰੇ ਦੇਸ਼ ਲਈ ਇਤਿਹਾਸਕ ਸਾਲ ਹੈ ਤੇ ਦੇਸ਼ ਨੂੰ ਸਾਂਝੇ ਰੂਪ ਵਿੱਚ ਇਸ ਨੂੰ ਮਨਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਸ਼ੇਸ਼ ਇੱਕਮੁਸ਼ਤ ਵਿਕਾਸ ਪੈਕੇਜ ਦੀ ਮੰਗ ਕੀਤੀ। ਕੈਪਟਨ ਨੇ ਸਰਹੱਦੀ ਸੂਬਾ ਹੋਣ ਕਰ ਕੇ ਤੇ ਕੌਮਾਂਤਰੀ ਸਰਹੱਦ ਦੇ ਨਾਲ ਸੰਘਣੀ ਵਸੋਂ ਹੋਣ ਕਰ ਕੇ, ਕੰਡਿਆਲੀ ਤਾਰ ਅਧੀਨ ਆਈ ਜ਼ਮੀਨ ਤੇ ਕਾਰਖਾਨਿਆਂ ਲਈ ਵਿਸ਼ੇਸ਼ ਵਿੱਤੀ ਸਹਾਇਤਾ ਦੇਣ ਲਈ ਕੇਂਦਰ ‘ਤੇ ਦਬਾਅ ਬਣਾਇਆ। ਅਮਰਿੰਦਰ ਸਿੰਘ ਨੇ ਕੌਮਾਂਤਰੀ ਸਰਹੱਦ ਦੇ 30 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਸੂਬੇ ਦੇ ਕਾਰਖਾਨਿਆਂ ਲਈ ਵਿਸ਼ੇਸ਼ ਟੈਕਸ ਛੋਟ ਦੀ ਮੰਗ ਵੀ ਕੀਤੀ।
ਕੇਂਦਰ ਤੋਂ ਕੈਪਟਨ ਨੇ 100 ਰੁਪਏ ਫ਼ੀ ਕੁਇੰਟਲ ਝੋਨੇ ਦੀ ਪਰਾਲੀ ਨਾ ਸਾੜਨ ਲਈ ਵਿਸ਼ੇਸ਼ ਰਾਹਤ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕੇਂਦਰ ਦੀ ਸਹਾਇਤਾ ਨਾਲ ਖੇਤੀ, ਵਿੱਦਿਅਕ, ਸਿਹਤ, ਜਲ ਤੇ ਸ਼ਹਿਰੀ ਪ੍ਰਸ਼ਾਸਨ ਸਕੀਮਾਂ ਵਿੱਚ ਕੇਂਦਰ ਦੀ ਪੂਰਨ ਹਿੱਸੇਦਾਰੀ ਦੀ ਮੰਗ ਵੀ ਕੀਤੀ
EDITED BY : SARA YAHA | | Last Updated :17 June 2018























