

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) : ਭਾਰੀ ਚੱਖੜ ਅਤੇ ਤੂਫਾਨ ਨਾਲ ਇੱਥੋ ਥੋੜੀ ਦੂਰ ਪਿੰਡ ਕਲੀਪੁਰ ਅਤੇ ਪਿੰਡ ਭੱਠਲ ਦੇ ਬੁਢਲਾਡਾ ਬਰਾਂਚ ਦੇ ਰਜਵਾਹੇ ਵਿੱਚ 30 ਫੁੱਟ ਦਾ ਪਾੜ ਪੈ ਗਿਆ। ਇਸ ਸੰਬੰਧੀ ਸਿੰਚਾਈ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ। ਜਿਸ ਕਾਰਨ ਕਈ ਏਕੜ ਜਮੀਨ ਚ ਪਾਣੀ ਆਉਣ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸੁਖਵਿੰਦਰ ਸਿੰਘ ਭੱਠਲਾਂ ਅਤੇ ਪਾਲ ਸਿੰਘ ਕਲੀਪੁਰ ਨੇ ਦੱਸਿਆ ਕਿ ਰਾਤ ਸਮੇਂ ਤੇਜ ਹਨੇ੍ਹਰੀ ਅਤੇ ਚੱਖੜ ਕਾਰਨ ਵੱਡੀਆਂ ਟਾਹਣੀਆਂ ਅਤੇ ਦਰਖਤਾਂ ਦੇ ਰਜਵਾਹੇ ਚ ਡਿੱਗਣ ਕਾਰਨ ਰਜਵਾਹੇ ਦਾ ਪਾਣੀ ਬੰਦ ਹੋ ਗਿਆ ਅਤੇ ਇਸ ਵਿੱਚ ਪਾੜ ਪੈ ਗਿਆ। ਜਿਸ ਕਾਰਨ ਲਗਭਗ 30 ਏਕੜ ਜਮੀਨ ਵਿੱਚ ਕਿਸਾਨਾਂ ਵੱਲੋਂ ਲਗਾਏ ਹਰੇ ਚਾਰੇ, ਪਨੀਰੀ ਅਤੇ ਮੂੰਗੀ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮਹਿਕਮੇ ਨੂੰ ਜਾਣੂ ਕਰਵਾ ਦਿੱਤਾ ਹੈ। ਐਸ।ਡੀ।ਓ। ਗੁਰਜੀਤ ਸਿੰਘ ਨੇ ਮੌਕੇ ਤੇ ਪਹੁੰਚਕੇ ਜਾਇਜਾਂ ਲੈਂਦਿਆਂ ਕਿਹਾ ਕਿ ਮਹਿਕਮੇ ਵੱਲੋਂ ਉਪਰ ਤਾਲਮੇਲ ਕਰਕੇ ਪਾਣੀ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਸ ਤਰ੍ਹਾਂ ਜਲਦ ਪਾੜ ਨੂੰ ਰੋਕ ਲਿਆ ਜਾਵੇਗਾ।























