

ਬੁਢਲਾਡਾ 7 ਜਨਵਰੀ( (ਅਮਨ ਮਹਿਤਾ ): ਦੇਸ਼ ਦੀਆਂ 250 ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਮੁਕੰਮਲ ਭਾਰਤ ਬੰਦ ਦਾ ਸਮਰਥਨ ਦੇਵੇਗੀ ਦੋਧੀ ਯੂਨੀਅਨ। ਇਹ ਸ਼ਬਦ ਦੋਧੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਮਲ ਸਿੰਘ ਵਾਲਾ ਨੇ ਕਹੇ। ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਫ਼ਸਲਾਂ ਦੇ ਭਾਅ ਆਦਿ ਮੰਗਾਂ ਨੂੰ ਲੈ ਕੇ ਦੇਸ਼ ਦੀਆਂ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਭਾਰਤ ਬੰਦ ਨੂੰ ਦੋਧੀ ਯੂਨੀਅਨ ਅਤੇ ਡੇਅਰੀਆਂ ਵਾਲੇ ਮੁਕੰਮਲ ਬੰਦ ਕਰਕੇ ਸਮਰਥਨ ਦੇਣਗੇ। ਉਨ੍ਹਾਂ ਜ਼ਿਲ੍ਹੇ ਭਰ ਦੇ ਸਮੂਹ ਦੋਧੀਆਂ ਅਤੇ ਨੌਹਰੇ ਅਤੇ ਡੇਅਰੀਆਂ ਵਾਲਿਆਂ ਨੂੰ ਮੁਕੰਮਲ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਦੇਸ਼ਾਂ ਤੋਂ ਦੁੱਧ ਪਦਾਰਥ ਅਤੇ ਹੋਰ ਵਸਤਾਂ ਆਦਿ ਮੰਗਵਾ ਰਹੀ ਹੈ ਅਤੇ ਜਿਸ ਨਾਲ ਛੋਟੇ ਕਿਸਾਨਾਂ ਅਤੇ ਦੁਕਾਨਦਾਰਾਂ ਨੂੰ ਬਹੁਤ ਨੁਕਸਾਨ ਹੋਵੇਗਾ ਅਤੇ 13 ਕਰੋੜ ਦੇ ਕਰੀਬ ਦੁੱਧ ਦੇ ਵਪਾਰ ਨਾਲ ਸਬੰਧਤ ਦੁਕਾਨਦਾਰਾਂ ਅਤੇ ਦੋਧੀਆਂ ਨੂੰ ਨੁਕਸਾਨ ਪਹੁੰਚੇਗਾ। ਇਸ ਮੌਕੇ ਦੀਨਾ ਰਾਮ, ਰਾਮ ਕੁਮਾਰ ਸ਼ਰਮਾ, ਧਰਮਪਾਲ, ਬਲਵਿੰਦਰ ਸਿੰਘ, ਨੱਥੂ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ। ਜ਼ਿਲ੍ਹਾ ਸਕੱਤਰ ਨੇ ਕਿਸਾਨਾਂ ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਭਾਰਤ ਬੰਦ ਦਾ ਸਮਰਥਨ ਦੇਣ ਦੀ ਅਪੀਲ ਕੀਤੀ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦਾਲਾਂ ਮੱਕੀ ਨਰਮਾ ਆਦਿ ਫ਼ਸਲਾਂ ਦਾ ਮੁੱਲ ਸਵਾਮੀਨਾਥਨ ਕਮੇਟੀ ਦੇ ਦੀਆਂ ਸਿਫਾਰਿਸ਼ਾਂ ਅਨੁਸਾਰ ਦਿੱਤਾ ਜਾਵੇ ਅਤੇ ਸਾਰੀਆਂ ਫਸਲਾਂ ਦੇ ਮੰਡੀਕਰਨ ਦੀ ਗਰੰਟੀ ਵੀ ਦਿੱਤੀ ਜਾਵੇ। ਕਿਸਾਨਾਂ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ।ਬੀਜਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਰੇਟ ਘੱਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲਾ ਆਪਣਾ ਵਾਅਦਾ ਤੁਰੰਤ ਪੂਰਾ ਕਰੇ। ਉਨ੍ਹਾਂ ਮੰਗ ਕੀਤੀ ਕਿ ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਕੀਤੀ ਜਾਂਦੀ ਮਿਹਨਤ ਦੀ ਦਿਹਾੜੀ ਨੂੰ ਮਨਰੇਗਾ ਅਧਿਨ ਲਿਆ ਕੇ ਹਰ ਪਰਿਵਾਰ ਨੂੰ ਸਾਲ ਵਿੱਚ 200 ਦਿਨ ਕੰਮ ਦੇਣ ਦੀ ਗਰੰਟੀ ਦਿੱਤੀ ਜਾਵੇ ਤੇ ਹਰ ਕਿਸਾਨ ਜੋ ਖੇਤੀ ਕਰ ਸਕਦਾ ਹੈ ਨੁੰ 60 ਸਾਲ ਦੀ ਉਮਰ ਪੂਰੀ ਹੋਣ ਤੇ 10 ਹਜਾਰ ਪ੍ਰਤੀ ਮਹੀਨਾ ਪੈਨਸ਼ਨ ਦੀ ਗਰੰਟੀ ਦਿੱਤੀ ਜਾਵੇ। ਪੰਜਾਬ ਸਰਕਾਰ ਵੱਲੋਂ ਪੇਂਡੂ ਪੰਚਾਇਤੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣੇ ਅਤੇ ਕੰਪਨੀਆਂ ਨੂੰ ਕੋਡੀਆਂ ਦੇ ਭਾਅ ਦੇਣ ਵਾਲਾ ਬਿੱਲ ਅਤੇ ਘਰੇਲੂ ਬਿਜਲੀ ਦੇ ਰੇਟ ਵਿਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ।























