

ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਵਪਾਰ ਦੇ ਬੰਦ ਹੋਣ ਕਾਰਨ ਅਟਾਰੀ ਵਿਖੇ ਟ੍ਰਾਂਸਪੋਰਟਰਾਂ ਦਾ ਬੁਰਾ ਹਾਲ ਹੈ ਅਤੇ ਕਿਉਂਕਿ ਸਥਾਨਕ ਟ੍ਰਾਂਸਪੋਰਟਰ ਤੇ ਕੁੱਲੀ ਮਿਰਰਸ ਆਈਸੀਪੀ ‘ਤੇ ਚੱਲਣ ਵਾਲੇ ਕਾਰੋਬਾਰ ‘ਤੇ ਹੀ ਨਿਰਭਰ ਸਨ, ਪਰ ਹੁਣ ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰ ਬੰਦ ਹੋਣ ਕਰਕੇ ਟਾਂਸਪੋਰਟ ਦਾ ਕਾਰੋਬਾਰ ਆਪਣੇ ਆਖ਼ਰੀ ਸਾਹਾਂ ਤੇ ਪਿਆ ਨਜ਼ਰ ਆ ਰਿਹਾ ਹੈ।
ਸਰਕਾਰ ਵੱਲੋਂ ਜੰਮੂ ਕਸ਼ਮੀਰ ਸੂਬੇ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਬੁਖਲਾਹਟ ਵਿੱਚ ਆਏ ਪਾਕਿਸਤਾਨ ਨੇ ਭਾਰਤ ਦੇ ਨਾਲ ਵਪਾਰਕ ਸਬੰਧ ਤੋੜਨ ਦਾ ਐਲਾਨ ਤੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਵੀ ਪਾਕਿਸਤਾਨ ਤੋਂ ਆਉਣ ਵਾਲੇ ਸਾਮਾਨ ਤੇ 200 ਫੀਸਦੀ ਕਸਟਮ ਡਿਊਟੀ ਵਧਾ ਕੇ ਪਾਕਿਸਤਾਨ ਤੋਂ ਵਪਾਰਕ ਰਿਸ਼ਤੇ ਲਗਪਗ ਖਤਮ ਕਰ ਲਏ ਸੀ, ਪਰ ਪਾਕਿਸਤਾਨ ਭਾਰਤ ਤੋਂ ਲਗਾਤਾਰ ਸਾਮਾਨ ਮੰਗਵਾ ਰਿਹਾ ਸੀ।
ਇਸੇ ਕਰਕੇ ਹੀ ਸਥਾਨਕ ਟ੍ਰਾਂਸਪੋਰਟਰਾਂ ਦਾ ਕਾਰੋਬਾਰ ਚੱਲ ਰਿਹਾ ਸੀ ਪਰ ਹੁਣ ਇਹ ਸਭ ਬੰਦ ਹੋਣ ਨਾਲ ਸਥਾਨਕ ਟ੍ਰਾਂਸਪੋਰਟਰਾਂ ਨੂੰ ਵੱਡੀ ਮਾਰ ਵੱਜੀ ਹੈ। ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਟ੍ਰਾਂਸਪੋਰਟਰਾਂ ਨੇ ਕਿਹਾ ਕਿ ਜਦ ਉਨ੍ਹਾਂ ਦੀ ਜ਼ਮੀਨ ਆਜ਼ਾਦੀ ਤੋਂ ਬਾਅਦ ਬਾਰਡਰ ਦੇ ਨੇੜੇ ਆਈ ਤਾਂ ਉਨ੍ਹਾਂ ਨੇ ਉਹ ਜ਼ਮੀਨ ਸਰਕਾਰ ਨੂੰ ਵੇਚ ਕੇ ਟ੍ਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਹੁਣ ਟ੍ਰਾਂਸਪੋਰਟ ਦਾ ਕਾਰੋਬਾਰ ਹੀ ਬੰਦ ਹੋ ਗਿਆ ਹੈ।
ਯੂਨੀਅਨ ਦੇ ਆਗੂ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਦੇ ਵਿੱਚ 1500 ਦੇ ਕਰੀਬ ਟਰੱਕ ਰੋਜ਼ ਆਉਂਦੇ ਸਨ, ਜਿਨ੍ਹਾਂ ਦੇ ਵਿੱਚੋਂ 600 ਟਰੱਕ ਅਟਾਰੀ ਤੇ 900 ਬਾਹਰ ਦੇ ਸਨ ਪਰ ਹੁਣ ਜੋ ਹਾਲਾਤ ਬਣਦੇ ਜਾ ਰਹੇ ਹਨ, ਉਸ ਤੋਂ ਬਾਅਦ ਕਈ ਟਰੱਕਾਂ ਵਾਲਿਆਂ ਨੂੰ ਰੋਜ਼ੀ ਰੋਟੀ ਲਈ ਵਖ਼ਤ ਪਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਥਾਈ ਪ੍ਰਬੰਧ ਕੀਤਾ ਜਾਵੇ।























