

ਸਰਹਿੰਦ: ਭਾਖੜਾ ਨਹਿਰ ਦੀ ਗੰਢਾ ਖੇੜੀ ਪੁਲੀ ਕੋਲ ਅਠਖੇਲੀਆਂ ਕਰਦੇ ਦੇਸ਼ ਭਗਤ ਕਾਲਜ ਦੇ 3 ਵਿਦਿਆਰਥੀ ਨਹਿਰ ਵਿੱਚ ਡਿੱਗ ਗਏ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਤਾਂ ਭਾਰੀ ਮਸ਼ੱਕਤ ਬਾਅਦ ਬਚਾ ਲਿਆ ਗਿਆ ਪਰ ਬਾਕੀ 2 ਨੌਜਵਾਨ ਹਾਲੇ ਤੱਕ ਲਾਪਤਾ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਗੌਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਾਸਲ ਵੇਰਵਿਆਂ ਅਨੁਸਾਰ ਦੇਸ਼ ਭਗਤ ਕਾਲਜ ਵਿਖੇ ਬੀਏਐਮਐਸ ਭਾਗ ਤੀਜਾ ਦੇ ਵਿਦਿਆਰਥੀ ਫਰੀਦ ਹਸਨ ਅੰਸਾਰੀ ਵਾਸੀ ਦੇਹਰਾਦੂਨ(ਉਤਰਾਖੰਡ), ਹਨੀ ਤਿਆਗੀ ਮੁਜ਼ੱਫਰਨਗਰ (ਯੂਪੀ) ਤੇ ਪ੍ਰਣਵ ਵਾਸੀ ਪਠਾਨਕੋਟ ਤਿੰਨੋਂ ਗੰਢਾ ਖੇੜੀ ਦੀ ਭਾਖੜਾ ਨਹਿਰ ਘੁੰਮਣ ਗਏ ਸੀ।
ਇਨ੍ਹਾਂ ਵਿੱਚੋਂ ਇੱਕ ਨੇ ਜਦੋਂ ਹੱਥ ਧੋਣ ਲਈ ਪੌੜੀਆਂ ਹੇਠਾਂ ਉੱਤਰ ਕੇ ਪਾਣੀ ਨੂੰ ਹੱਥ ਪਾਇਆ ਤਾਂ ਉਹ ਨਹਿਰ ਵਿੱਚ ਹੀ ਰੁੜ੍ਹ ਗਿਆ। ਉਸ ਨੂੰ ਬਚਾਉਣ ਲਈ ਬਾਕੀ ਦੇ ਦੋਵੇਂ ਨੌਜਵਾਨ ਵੀ ਵਾਰੀ-ਵਾਰੀ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਕੁੱਦ ਗਏ। ਇਨ੍ਹਾਂ ਵਿਚੋਂ ਪ੍ਰਣਵ ਤਾਂ ਬਚ ਨਿਕਲਿਆ ਪਰ ਬਾਕੀ ਦੇ ਦੋ ਵਿਦਿਆਰਥੀ ਲਾਪਤਾ ਦੱਸੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਤਿਨੋਂ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸਹੀ ਸਲਾਮਤ ਹੈ ਪਰ ਬਾਕੀ ਦੇ 2 ਨੌਜਵਾਨਾਂ ਦੀ ਸਰਗਰਮੀਂ ਨਾਲ ਭਾਲ ਜਾਰੀ ਹੈ।























