*ਭਾਕਿਯੂ ਏਕਤਾ ਡਕੌਂਦਾ 30 ਜਨਵਰੀ ਨੂੰ ਕਰੇਗੀ ਜਿਲ੍ਹਾ ਹੈੱਡਕੁਆਰਟਰ ‘ਤੇ ਧਰਨਾ ਪ੍ਰਦਰਸ਼ਨ*

0
18

ਮਾਨਸਾ 19 ਜਨਵਰੀ   (ਸਾਰਾ ਯਹਾਂ/ਮੁੱਖ ਸੰਪਾਦਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਸ ਦੀ ਅਗਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਹਨ ਦੀ ਐਮਰਜੈਂਸੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਹੋਈ । ਮੀਟਿੰਗ ਵਿੱਚ ਮੁੱਖ ਤੌਰ ਉੱਤੇ ਪਿੰਡ ਕੁੱਲਰੀਆਂ ਦੇ ਕਿਸਾਨ ਮਰਦ ਅਤੇ ਔਰਤਾਂ ‘ਤੇ ਪਾਏ ਝੂਠੇ ਪਰਚਿਆਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਕੁਲਰੀਆਂ ਦੇ ਜਮੀਨੀ ਘੋਲ ਵਿੱਚ ਵਰਕਰ ਆਗੂ ਅਤੇ ਔਰਤਾਂ ਤੇ ਪਾਏ ਝੂਠੇ ਕੇਸਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੀ 30 ਜਨਵਰੀ ਨੂੰ ਜਿਲਾ ਹੈਡ ਕੁਆਰਟਰ ਮਾਨਸਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ । ਦੂਸਰੇ ਏਜੰਡੇ ਵਜੋਂ ਪਿੰਡ ਰੱਲਾ ਦੇ ਕਿਸਾਨਾਂ ਉੱਤੇ ਪਾਏ ਇਰਾਦਾ ਕਤਲ ਦੇ ਝੂਠੇ ਪਰਚਿਆਂ ਦੇ ਚੱਲ ਰਹੇ ਮੋਰਚੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਜਥੇਬੰਦੀ ਵੱਲੋਂ ਪ੍ਰਸ਼ਾਸਨ ਤੋਂ ਫੌਰੀ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਬੀਤੇ ਦਿਨੀ ਪੀਐਸਯੂ ਲਲਕਾਰ ਦੀ ਕਾਰਕੁਨ ਦਿਲਜੋਤ ਕੌਰ ਦੀ ਹੋਈ ਰਹੱਸਮਈ ਮੌਤ ਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ । ਉਨ੍ਹਾਂ ਕਿਹਾ ਕਿ ਇਸ ਮਸਲੇ ਸੰਬੰਧੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲਾਏ ਜਾ ਰਹੇ ਜ਼ਿਲਾ ਹੈਡ ਕੁਆਰਟਰ ਉੱਤੇ ਧਰਨੇ ਪ੍ਰਦਰਸ਼ਨ ਵਿੱਚ ਭਾਕਿਯੂ ਏਕਤਾ ਡਕੌਂਦਾ ਆਪਣੀ ਸ਼ਮੂਲੀਅਤ ਕਰੇਗੀ । ਸੰਯੁਕਤ ਕਿਸਾਨ ਮੋਰਚੇ ਦੇ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਦੇ ਪ੍ਰੋਗਰਾਮ ਬਾਰੇ ਵਿਚਾਰਾਂ ਕਰਦੇ ਹੋਏ ਜਥੇਬੰਦੀ ਦੇ ਬਲਾਕ ਪੱਧਰੀ ਡਿਊਟੀਆਂ ਲਾਈਆਂ ਗਈਆਂ । ਬੀਤੇ ਦਿਨੀ ਪਿੰਡ ਟਾਂਡੀਆਂ ਦੇ ਕਿਸਾਨ ਹਰਬੰਸ ਸਿੰਘ ਦੀ ਕਰਜ਼ੇ ਬਦਲੇ ਲਿਆਂਦੀ ਕੁਰਕੀ ਦਾ ਗੰਭੀਰਤਾ ਨਾਲ ਨੋਟਿਸ ਲਿਆ ਗਿਆ । ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਕਿਰਤੀ ਜਮਾਤ ਦੀ ਲੜਾਈ ਲੜੀ ਜਾ ਰਹੀ ਹੈ ਅਤੇ ਕਰਜ਼ੇ ਵੱਟੇ ਕਿਸੇ ਵੀ ਕਿਸਾਨ ਦੀ ਜ਼ਮੀਨ ਨਿਲਾਮ ਨਹੀ ਹੋਣ ਦਿੱਤੀ ਜਾਵੇਗੀ । ਮੀਟਿੰਗ ਵਿੱਚ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲ੍ਹਾ ਸਕੱਤਰ ਤਾਰਾ ਚੰਦ ਬਰੇਟਾ, ਖ਼ਜ਼ਾਨਚੀ ਦੇਵੀ ਰਾਮ ਰੰਗੜਿਆਲ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ, ਮੀਤ ਪ੍ਰਧਾਨ ਬਲਕਾਰ ਸਿੰਘ, ਜਗਦੇਵ ਸਿੰਘ ਕੋਟਲੀ, ਹਰਬੰਸ ਸਿੰਘ ਟਾਂਡੀਆਂ ਅਤੇ ਬਲਵਿੰਦਰ ਸ਼ਰਮਾਂ ਆਦਿ ਵੀ ਮੌਜੂਦ ਰਹੇ ।

LEAVE A REPLY

Please enter your comment!
Please enter your name here