*ਬੁਢਲਾਡਾ ਵਿਖੇ ਬਾਲ ਭੀਖਿਆ ਰੋਕਣ ਲਈ ਚੈਕਿੰਗ*

0
7

ਬੁਢਲਾਡਾ/ਮਾਨਸਾ, 03 ਮਾਰਚ (ਸਾਰਾ ਯਹਾਂ/ਅਮਨ ਮਹਿਤਾ) : ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਦੇ ਹੁਕਮਾਂ ‘ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਮਾਨਸਾ ਵਲੋਂ  ਬੁਢਲਾਡਾ ਵਿਖੇ ਬਾਲ ਭੀਖਿਆ ਸਬੰਧੀ ਚੈਕਿੰਗ ਕੀਤੀ ਗਈ।

ਇਸ ਮੌਕੇ ਕਾਊਂਸਲਰ ਰਜਿੰਦਰ ਵਰਮਾ ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬੱਚਿਆਂ ਤੋਂ ਭੀਖ ਮੰਗਵਾਉਣਾ ਇੱਕ ਗੰਭੀਰ ਸਮਾਜਿਕ ਅਪਰਾਧ ਹੈ। ਬੱਚਿਆਂ ਤੋਂ ਭੀਖ ਮੰਗਵਾਉਣਾ ਸਿਰਫ਼ ਗਰੀਬੀ ਦੀ ਸਮੱਸਿਆ ਨਹੀਂ, ਸਗੋਂ ਬਾਲ ਸ਼ੋਸ਼ਣ ਹੈ। ਕਈ ਵਾਰ ਇਹ ਬੱਚੇ ਮਾਫ਼ੀਆ ਜਾਂ ਲਾਲਚੀ ਲੋਕਾਂ ਦੇ ਕਬਜ਼ੇ ਹੇਠ ਹੁੰਦੇ ਹਨ, ਜੋ ਉਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹਨ। ਇਹ ਬੱਚੇ ਸਿੱਖਿਆ, ਸਿਹਤ ਅਤੇ ਸੁਰੱਖਿਅਤ ਬਚਪਨ ਤੋਂ ਵਾਂਝੇ ਰਹਿੰਦੇ ਹਨ, ਜੋ ਉਨ੍ਹਾਂ ਦੇ ਭਵਿੱਖ ਲਈ ਖ਼ਤਰਨਾਕ ਸਾਬਤ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਕਾਨੂੰਨ ਅਨੁਸਾਰ ਬੱਚਿਆਂ ਤੋਂ ਭੀਖ ਮੰਗਵਾਉਣਾ ਗੈਰ ਕਾਨੂੰਨੀ ਹੈ ਅਤੇ ਇਸ ਲਈ ਸਖ਼ਤ ਸਜ਼ਾਵਾਂ ਦਾ ਪ੍ਰਾਵਧਾਨ ਹੈ। ਸਮਾਜ ਦੇ ਹਰ ਵਰਗ, ਸਮਾਜਿਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਨੂੰ ਮਿਲ ਕੇ ਇਸ ਬੁਰਾਈ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਸੜਕਾਂ ‘ਤੇ ਭੀਖ ਮੰਗਦੇ ਬੱਚਿਆਂ ਨੂੰ ਪੈਸੇ ਦੇਣ ਦੀ ਬਜਾਏ, ਉਨ੍ਹਾਂ ਦੀ ਸਹਾਇਤਾ ਲਈ ਸਬੰਧਤ ਅਧਿਕਾਰੀਆਂ ਜਾਂ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਜਾਣਕਾਰੀ ਦੇਣੀ ਚਾਹੀਦੀ ਹੈ। ਹਰ ਬੱਚੇ ਨੂੰ ਸਿੱਖਿਆ ਅਤੇ ਸੁਰੱਖਿਅਤ ਭਵਿੱਖ ਦੇਣ ਲਈ ਯਤਨ ਕਰਨੇ ਚਾਹੀਦੇ ਹਨ।

LEAVE A REPLY

Please enter your comment!
Please enter your name here