*ਬੁਢਲਾਡਾ ਵਿਖੇ ਕੁਲਵੰਤ ਰਾਏ ਸਿੰਗਲਾ ਦੀ ਤਾਜਪੋਸ਼ੀ, ਕਾਂਗਰਸੀ ਵਰਕਰਾਂ ਦੇ ਉਮੜੇ ਜਨਸੈਲਾਬ ਨੇ ਧਾਰਿਆ ਰੈਲੀ ਦਾ ਰੂਪ

0
118

ਬੁਢਲਾਡਾ, 7 ਫਰਵਰੀ (ਸਾਰਾ ਯਹਾਂ/ਅਮਨ ਮਹਿਤਾ)-ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੇ ਬੁਢਲਾਡਾ ਸ਼ਹਿਰ ਦੀ ਧਰਤੀ ਅੱਜ ਉਸ ਸਮੇਂ ਇਤਿਹਾਸਕ ਪਲ ਦੀ ਗਵਾਹ ਬਣੀ, ਜਦੋਂ ਸਥਾਨਕ ਬਜਰੰਗ ਭਵਨ ਵਿਖੇ ਜ਼ਿਲਾ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਤਾਜਪੋਸ਼ੀ ਦਾ ਸਮਾਰੋਹ ਬੇਮਿਸਾਲ ਜੋਸ਼, ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਰੋਹ ਸਿਰਫ਼ ਇੱਕ ਸੰਗਠਨਾਤਮਕ ਰਸਮ ਤੱਕ ਸੀਮਿਤ ਨਾ ਰਹਿ ਕੇ, ਕਾਂਗਰਸ ਪਾਰਟੀ ਦੀ ਤਾਕਤ, ਏਕਤਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਇਰਾਦਿਆਂ ਦਾ ਵੱਡਾ ਪ੍ਰਦਰਸ਼ਨ ਬਣ ਕੇ ਉਭਰਿਆ। ਸਵੇਰੇ ਤੋਂ ਹੀ ਰੈਲੀ ਵਿਚ ਆਉਣ ਦਾ ਮਾਨਸਾ ਜ਼ਿਲੇ ਦੇ ਤਿੰਨੇ ਹਲਕਿਆਂ ਤੋਂ ਕਾਂਗਰਸੀ ਵਰਕਰਾਂ, ਸਮਰਥਕਾਂ ਅਤੇ ਆਮ ਲੋਕਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਪੰਡਾਲ ਅੰਦਰ ਅਤੇ ਬਾਹਰ ਲੋਕਾਂ ਦੀ ਭਾਰੀ ਭੀੜ ਇਸ ਕਦਰ ਇਕੱਠੀ ਹੋ ਗਈ ਕਿ ਸਮਾਰੋਹ ਨੇ ਆਪਣੇ ਆਪ ਹੀ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਹਰ ਪਾਸੇ “ਕਾਂਗਰਸ ਪਾਰਟੀ ਜ਼ਿੰਦਾਬਾਦ”, “ਰਾਹੁਲ ਗਾਂਧੀ ਜ਼ਿੰਦਾਬਾਦ”ਅਤੇ “ਕੁਲਵੰਤ ਰਾਏ ਸਿੰਗਲਾ ਜ਼ਿੰਦਾਬਾਦ”ਦੇ ਨਾਅਰਿਆਂ ਨਾਲ ਸਾਰਾ ਮਾਹੌਲ ਗੂੰਜ ਉਠਿਆ। ਤਾਜਪੋਸ਼ੀ ਸਮਾਰੋਹ ਦੌਰਾਨ ਇਕੱਠੀ ਹੋਈ ਭੀੜ ਨੂੰ ਦੇਖਦਿਆਂ ਇਹ ਸਾਫ਼ ਮਹਿਸੂਸ ਹੋ ਰਿਹਾ ਸੀ ਕਿ ਕਾਂਗਰਸ ਪਾਰਟੀ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਪੂਰੀ ਤਾਕਤ ਨਾਲ ਵਾਪਸੀ ਲਈ ਤਿਆਰ ਹੈ। ਵਰਕਰਾਂ ਦੇ ਜੋਸ਼, ਅਨੁਸ਼ਾਸਨ ਅਤੇ ਇਕਜੁਟਤਾ ਨੇ ਇਹ ਸੰਦੇਸ਼ ਦੇ ਦਿੱਤਾ ਕਿ ਜ਼ਿਲ੍ਹਾ ਮਾਨਸਾ ਵਿੱਚ ਕਾਂਗਰਸ ਦਾ ਸੰਗਠਨ ਮਜ਼ਬੂਤੀ ਨਾਲ ਖੜ੍ਹਾ ਹੈ। ਸਮਾਰੋਹ ਦੌਰਾਨ ਕਈ ਵਰਕਰਾਂ ਨੇ ਇਸ ਦ੍ਰਿਸ਼ ਨੂੰ “ਕਾਂਗਰਸ ਦੇ ਵਿਆਹ ਵਰਗਾ ਮਾਹੌਲ”ਕਰਾਰ ਦਿੱਤਾ। ਸਮਾਰੋਹ ਦੀ ਮੁੱਖ ਮਹਿਮਾਨ, ਮੱਧ ਪ੍ਰਦੇਸ਼ ਦੀ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਕਾਂਗਰਸ ਦੀ ਇੰਚਾਰਜ ਹੀਨਾ ਲਿਖੀ ਰਾਮ ਕਾਵੜੇ ਨੇ ਜਦੋਂ ਮੰਚ ਤੋਂ ਵਰਕਰਾਂ ਨੂੰ ਸੰਬੋਧਨ ਕੀਤਾ ਤਾਂ

ਉਨ੍ਹਾਂ ਦਾ ਜੋਸ਼ ਦੇਖ ਕੇ ਉਹ ਖੁਦ ਵੀ ਕਾਫ਼ੀ ਪ੍ਰਭਾਵਿਤ ਨਜ਼ਰ ਆਈ। ਉਨ੍ਹਾਂ ਨੇ ਕਿਹਾ ਕਿ ਬੁਢਲਾਡਾ ਦੀ ਧਰਤੀ ‘ਤੇ ਕਾਂਗਰਸੀ ਵਰਕਰਾਂ ਦਾ ਇਹ ਜਨਸੈਲਾਬ ਇਹ ਸਪਸ਼ਟ ਕਰਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਵਰਕਰ ਨੂੰ ਬੂਥ ਪੱਧਰ ‘ਤੇ ਕੰਮ ਕਰਨਾ ਹੋਵੇਗਾ। “ਜੇ ਹਰ ਬੂਥ ਮਜ਼ਬੂਤ ਹੋਵੇਗਾ ਤਾਂ ਕੋਈ ਵੀ ਤਾਕਤ ਕਾਂਗਰਸ ਨੂੰ ਜਿੱਤਣ ਤੋਂ ਨਹੀਂ ਰੋਕ ਸਕਦੀ,”। ਨਵ-ਨਿਯੁਕਤ ਜ਼ਿਲਾ ਕਾਂਗਰਸ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਤਾਜਪੋਸ਼ੀ ਤੋਂ ਬਾਅਦ ਗਰਮਜੋਸ਼ੀ ਨਾਲ ਆਪਣੇ ਸੰਬੋਧਨ ਵਿੱਚ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਲਗਭਗ 300 ਦਿਨ ਬਾਕੀ ਹਨ ਅਤੇ ਇਸ ਸਮੇਂ ਦੌਰਾਨ ਉਹ ਜ਼ਿਲ੍ਹੇ ਦੇ ਹਰ ਗਲੀ-ਮੁਹੱਲੇ ਅਤੇ ਹਰ ਬੂਥ ਤੱਕ ਕਾਂਗਰਸ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਪਹੁੰਚਾਉਣਗੇ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਿੱਜੀ ਸਵਾਰਥਾਂ ਤੋਂ ਉਪਰ ਉੱਠ ਕੇ ਪਾਰਟੀ ਲਈ ਕੰਮ ਕੀਤਾ ਜਾਵੇਗਾ। ਕੁਲਵੰਤ ਸਿੰਗਲਾ ਦੇ ਭਾਸ਼ਣ ਦੌਰਾਨ ਵਰਕਰਾਂ ਦਾ ਉਤਸ਼ਾਹ ਦੇਖਣਯੋਗ ਸੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੱਜ ਬੁਢਲਾਡਾ ਵਿੱਚ ਵਰਕਰਾਂ ਦਾ ਜੋਸ਼ ਇਹ ਸਾਬਤ ਕਰਦਾ ਹੈ ਕਿ ਜ਼ਿਲ੍ਹੇ ਦਾ ਹਰ ਕਾਂਗਰਸੀ ਵਰਕਰ 2027 ਦੀ ਜਿੱਤ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਸੋਚ ਅਨੁਸਾਰ ਪਾਰਟੀ ਵੱਲੋਂ ਚਲਾਇਆ ਗਿਆ ਸੰਗਠਨ ਸਿਰਜਨ ਅਭਿਆਨ ਜ਼ਮੀਨੀ ਪੱਧਰ ‘ਤੇ ਸਫਲ ਹੋ ਰਿਹਾ ਹੈ। ਕੈਪਟਨ ਸੰਧੂ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਮਨਰੇਗਾ ਵਰਗੀ ਯੋਜਨਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। “ਕਾਂਗਰਸ ਨੇ 100 ਦਿਨ ਰੋਜ਼ਗਾਰ ਦੀ ਗਾਰੰਟੀ ਦਿੱਤੀ ਸੀ, ਪਰ ਮੌਜੂਦਾ ਸਰਕਾਰ ਲੋਕਾਂ ਤੋਂ ਰੋਜ਼ਗਾਰ ਹੀ ਖੋਹ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਅੱਜ ਸੂਬੇ ਵਿੱਚ ਗੁੰਡਾਗਰਦੀ ਆਪਣੇ ਚਰਮ ‘ਤੇ ਹੈ ਅਤੇ ਮੁੱਖ ਮੰਤਰੀ ਸਿਰਫ਼ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਹਰਚਰਨ ਸਿੰਘ ਬਰਾੜ, ਬਲਕੌਰ ਸਿੰਘ ਸਿੱਧੂ ਮੂਸੇਵਾਲਾ, ਬਿਕਰਮਜੀਤ ਸਿੰਘ ਮੋਫਰ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਸਾਬਕਾ ਪ੍ਰਧਾਨ ਮਾਈਕਲ ਗਾਗੋਵਾਲ, ਸੱਤਪਾਲ ਮੂਲੇਵਾਲਾ, ਗੁਰਪ੍ਰੀਤ ਸਿੰਘ ਵਿੱਕੀ, ਨਵੀਲ ਕਾਲਾ ਬੋਹਾ, ਸਵਰਨ ਖੁਡਾਲ, ਐਡਵੋਕੇਟ ਬਿਕਰਮਜੀਤ ਜਟਾਣਾ, ਰਣਜੀਤ ਸਿੰਘ ਦੌਦੜਾ, ਹਰਬੰਸ ਸਿੰਘ ਖਿੱਪਲ, ਮੱਖਣ ਲਾਲ ਸ਼ਰਮਾ, ਲਾਲੂ ਭਾਰਦਵਾਜ, ਨਿਖੀਲ ਬੋਹਾ, ਨਰੇਸ਼ ਐਮ.ਸੀ, ਜੋਨੀ ਸਿਟੀ ਪ੍ਰਧਾਨ ਬੁਢਲਾਡਾ, ਸੰਜੇ ਸਿੰਗਲਾ, ਪ੍ਰਦੀਪ ਬਿੱਟੂ ਬੋਹਾ, ਹਰਵਿੰਦਰਦੀਪ ਸਿੰਘ ਸਵੀਟੀ, ਤਰਜੀਤ ਸਿੰਘ ਚਹਿਲ, ਜਗਦੇਵ ਸਿੰਘ ਘੋਗਾ ਜੋਈਆ, ਰਾਕੇਸ਼ ਕੁਮਾਰ ਦੀਪਾ, ਲਾਜਪਤ ਰਾਏ ਸ਼ਰਮਾ, ਰਜਨੀਸ਼ ਸ਼ਰਮਾ, ਡਾ. ਮਨਜੀਤ ਰਾਣਾ, ਸੁਖਦਰਸ਼ਨ ਖਾਰਾ, ਪ੍ਰਿਤਪਾਲ ਡਾਲੀ, ਲਛਮਣ ਲਖੀਆ, ਲਵਲੀ ਬੋੜਾਵਾਲ, ਵਿਪਲ ਗੋਰਖਾ, ਹਰਵਿੰਦਰ ਭਾਰਦਵਾਜ, ਸਾਬਕਾ ਸਰਪੰਚ ਸਤਗੁਰ ਜਲਵੇੜਾ, ਰਾਧੇ ਸ਼ਾਮ ਮੂਸਾ, ਰਣਵੀਰ ਕੌਰ ਮੀਆਂ, ਵਿਨੋਦ ਸਿੰਗਲਾ ਪ੍ਰਧਾਨ ਨਗਰ ਕੌਂਸਲ ਭੀਖੀ, ਜੀਵਨ ਦਾਸ ਬਾਵਾ ਸਰਦੂਲਗੜ੍ਹ, ਗੁਰਚਰਨ ਮਾਖਾ, ਗਿਆਨ ਚੰਦ ਸਿੰਗਲਾ , ਖੇਮ ਸਿੰਘ ਜਟਾਣਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸਮਰਥਕ ਮੌਜੂਦ ਰਹੇ।

LEAVE A REPLY

Please enter your comment!
Please enter your name here