

ਬੁਢਲਾਡਾ ( ਸਾਰਾ ਯਹਾਂ/ਮੇਹਤਾ ਅਮਨ) ਨੇੜਲੇ ਪਿੰਡ ਫਰੀਦਕੇ ਵਿਖੇ ਧਾਰਮਿਕ ਆਸਥਾ ਦਾ ਪ੍ਰਤੀਕ ਨੌਗਜਾ ਪੀਰ ਦੀ ਯਾਦ ਵਿੱਚ ਹਰ ਸਾਲ ਸੱਤ ਹਾੜ ਨੂੰ ਲੱਗਣ ਵਾਲਾ ਮੇਲਾ ਬਾਬਾ ਦਿਆਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਅਤੇ ਸਰਪੰਚ ਰਣਜੀਤ ਸਿੰਘ ਫਰੀਦਕੇ ਨੇ ਦੱਸਿਆ ਕਿ ਪੀਰਾਂ ਦੀ ਯਾਦ ਵਿੱਚ ਲੱਗਣ ਵਾਲੇ ਇਸ ਸੱਭਿਆਚਾਰਕ ਅਤੇ ਖੇਡ ਮੇਲੇ ਵਿੱਚ ਦੂਰੋ ਦੂਰੋ ਸ਼ਰਧਾਲੂ ਆਉਂਦੇ ਹਨ। ਇਸ ਮੌਕੇ ਧਮਕ ਪੰਜਾਬ ਦੀ ਬੈਨਰ ਦੇ ਡਾਇਰੈਕਟਰ ਬਲਜਿੰਦਰ ਸਿੰਘ ਚੱਕ ਅਲੀਸ਼ੇਰ ਅਤੇ ਤਰਸੇਮ ਭੂਟਾਲ ਦੀ ਅਗਵਾਈ ਹੇਠ ਕਰਵਾਏ ਗਏ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਗਾਇਕ ਜੋੜੀ ਬਲਵਿੰਦਰ ਸਿੰਘ ਜਲਵੇੜਾ ਅਤੇ ਰਾਜਵਿੰਦਰ ਬੇਗਮ ਨੇ ਆਪਣੇ ਧਾਰਮਿਕ ਗੀਤ ਪੀਰਾਂ ਦੀ ਜੈ ਜੈਕਾਰ ਰਾਹੀਂ ਆਪਣੀ ਹਾਜਰੀ ਲਗਵਾਈ। ਇਸ ਉਪਰੰਤ ਦੋਗਾਨਾ ਜੋੜੀ ਬਿੱਲਾ ਮਾਣੇਵਾਲੀਆਂ ਅਤੇ ਸਿਮਰਨ ਕੌਰ ਚੜੀ ਖੁਮਾਰੀ ਰਹਿੰਦੀ ਤੇਰੀ ਇਸ਼ਕ ਦੀ ਵੇ ਤੋਂ ਇਲਾਵਾ ਆਪਣਾ ਸੁਪਰਹਿੱਟ ਗੀਤ ਦਿੱਲੀ ਲੁੱਟ ਕੇ ਲਿਆਇਆ ਨੀ ਜੱਟ ਬਿਨਾਂ ਬੰਦੂਕੋ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਗਾਇਕ ਜੋੜੀ ਗੱਗੀ ਟਿਵਾਣਾ ਅਤੇ ਕੌਰਪ੍ਰੀਤ ਵੱਲੋਂ ਆਪਣਾ ਚਰਚਿਤ ਗੀਤ ਵਜਦਾ ਫੋਰਡ ਤੇ ਚਮਕੀਲਾ ਥਾਰ ਵਿੱਚ ਮੂਸੇਵਾਲਾ ਨੀ ਰਾਹੀਂ ਦਰਸ਼ਕਾਂ ਨੂੰ ਕੀਲ ਲਿਆ। ਗਾਇਕ ਜੋੜੀ ਰਛਪਾਲ ਉਪਲ ਅਤੇ ਸੰਦੀਪ ਸੰਧੂ ਵੱਲੋਂ ਆਪਣੇ ਗੀਤ ਲੰਡੀ ਜੀਪ ਤੋਂ ਇਲਾਵਾ ਗੀਤ ਆਉਣਾ ਜਾਉਣਾ ਬੰਦ ਹੋ ਗਿਆ ਰਾਹੀਂ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਇਸੇ ਤਰ੍ਹਾਂ ਗਾਇਕ ਅਦਾਕਾਰਾਂ ਕਿਰਨ ਸ਼ਰਮਾਂ ਵੱਲੋਂ ਸੁਫੀਆਨਾ ਅੰਦਾਜ ਵਿੱਚ ਰੰਗ—ਰੰਗ ਤੇਰੇ ਰੰਗ—ਰੰਗ ਰਾਹੀਂ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਪ੍ਰੋਗਰਾਮ ਦੇ ਆਖੀਰ ਵਿੱਚ ਮਾਲਵੇ ਦੀ ਪ੍ਰਸਿੱਧ ਦੋਗਾਨਾ ਜੋੜੀ ਬਲਵੀਰ ਚੋਟੀਆ ਅਤੇ ਜਸਪ੍ਰੀਤ ਚੋਟੀਆਂ ਵੱਲੋਂ ਆਪਣੇ ਗੀਤਾਂ ਇਕ ਮਾਂ ਬੋਹੜ ਦੀ ਛਾਂ ਅਤੇ ਸਰਪੰਚੀ ਰਾਹੀਂ ਮੇਲੇ ਵਿੱਚ ਆਏ ਦਰਸ਼ਕਾਂ ਦਾ ਦਿੱਲ ਜਿੱਤ ਲਿਆ। ਇਸ ਮੌਕੇ ਮੰਚ ਸੰਚਾਲਨ ਗੁਰਮੇਲ ਬੋਹਾ ਵੱਲੋਂ ਆਪਣੇ ਚੁਲਬੁੱਲੇ ਅੰਦਾਜ ਵਿੱਚ ਸ਼ਾਇਰੀ ਰਾਹੀਂ ਦਰਸ਼ਕਾਂ ਦੇ ਢਿੱਡੀ ਪੀੜ੍ਹਾ ਪਾ ਦਿੱਤੀਆਂ। ਇਸ ਮੌਕੇ ਖਿਡਾਰੀਆਂ ਵੱਲੋਂ ਘੋਲ ਖੇਡ ਅਤੇ ਕਬੱਡੀ ਖਿੱਚ ਦਾ ਕੇਂਦਰ ਰਹੇ। ਥਾਣੇਦਾਰ ਲਾਭ ਸਿੰਘ ਚੋਟੀਆ, ਜੱਗਾ ਖੋਖਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।























