*ਬਿਜਲੀ ਸੰਕਟ ਲਈ ‘ਆਪ’ ਨੇ ਪੰਜਾਬ ਅਤੇ ਮੋਦੀ ਸਰਕਾਰ ਨੂੰ ਦੱਸਿਆ ਬਰਾਬਰ ਦਾ ਜ਼ਿੰਮੇਵਾਰ, ਦੱਸੀ ਕੀ ਹੈ ਸਾਜਿਸ਼*

0
38

ਚੰਡੀਗੜ੍ਹ (ਸਾਰਾ ਯਹਾਂ):  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਲੇ ਦੀ ਘਾਟ ਕਾਰਨ ਪੰਜਾਬ ਅਤੇ ਦੇਸ਼ ’ਚ ਗਹਿਰਾਏ ਬਿਜਲੀ ਸੰਕਟ ਲਈ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬਰਾਬਰ ਦੀਆਂ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਾਰਪੋਰੇਟ ਘਰਾਣਿਆਂ ਦੀਆਂ ਨਿੱਜੀ ਕੰਪਨੀਆਂ ਲਈ ਦੇਸ਼ ਦੇ ਬਚੇ- ਪੁਚੇ ਸਰਕਾਰੀ (ਜਨਤਕ) ਥਰਮਲ ਪਲਾਂਟਾਂ ਦੀ ਬਲੀ ਲਏ ਜਾਣ ਦੇ ਹੱਥਕੰਢੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਿਜਲੀ ਸੰਕਟ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੈਦਾ ਕੀਤਾ ਹੋਇਆ ਸੰਕਟ ਹੈ। 

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੀਅਤ ਅਤੇ ਨੀਤੀ ਨਾਲ ਕੋਲੇ ਦਾ ਪ੍ਰਬੰਧ (ਮੈਨੇਜਮੈਂਟ) ਕਰੇ ਤਾਂ ਅਜਿਹਾ ਸੰਕਟ ਪੈਦਾ ਨਾ ਹੁੰਦਾ। ਸਰਕਾਰਾਂ ਦੀ ਅਜਿਹੀ ਮਾਰੂ ਨੀਤੀ ਅਤੇ ਨੀਅਤ ਕਾਰਨ ਜਿੱਥੇ ਘਰੇਲੂ ਬਿਜਲੀ ਖਪਤਕਾਰ ਅਣ-ਐਲਾਨੇ ਲੰਮੇ ਬਿਜਲੀ ਕੱਟਾਂ ਕਾਰਨ ਸੂਲੀ ’ਤੇ ਚੜਾ ਦਿੱਤੇ ਹਨ, ਉਥੇ ਹੀ ਕੋਰੋਨਾ ਕਾਲ ਦੀ ਮਾਰ ’ਤੋਂ ਉਭਰ ਰਹੇ ਵਪਾਰ ਅਤੇ ਉਦਯੋਗਿਕ ਖੇਤਰ ਨੂੰ ਇੱਕ ਵਾਰ ਫਿਰ ਵਿੱਤੀ ਸੰਕਟ ਵੱਲ ਧੱਕ ਰਹੀ ਹੈ। 

‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ, ‘‘ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕੋਲੇ ਦੀ ਪੂਰਤੀ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਮੋਦੀ ਸਰਕਾਰ ਇੱਕ ਸਾਜਿਸ਼ ਦੇ ਤਹਿਤ ਕੋਲਾ ਸਪਲਾਈ ਦੇਣ ਤੋਂ ਕੰਨੀਂ ਕਤਰਾ ਰਹੀ ਹੈ। ਪੰਜਾਬ ਸਮੇਤ ਦਿੱਲੀ ਆਦਿ ਰਾਜਾਂ ਦੇ ਥਰਮਲ ਪਲਾਂਟਾਂ ਨੂੰ ਕੋਲਾ ਦਿੱਤਾ ਨਹੀਂ ਜਾ ਰਿਹਾ ਹੈ, ਜਿਸ ਕਾਰਨ ਸੂਬਿਆਂ ’ਚ ਥਰਮਲ ਪਲਾਂਟ ਬੰਦ ਅਤੇ ਬਿਜਲੀ ਸਪਲਾਈ ਠੱਪ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।’’ 

ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰੀ ਪਾਵਰ ਮੰਤਰੀ ਆਰਕੇ ਸਿੰਘ ਦਾਅਵਾ ਕਰਦੇ ਹਨ ਕਿ ਕੋਲੇ ਦਾ ਕੋਈ ਸੰਕਟ ਨਹੀਂ, ਪਰ ਦੂਜੇ ਪਾਸੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੋਲੇ ਦੀ ਪੂਰਤੀ ਲਈ ਚਿੱਠੀਆਂ ਲਿਖ ਰਹੇ ਹਨ। ਅਮਨ ਅਰੋੜਾ ਨੇ ਸ਼ੰਕੇ ਪ੍ਰਗਟਾਏ ਕਿ ਕੀ ਕੋਲੇ ਦਾ ਸੰਕਟ ਫ਼ਰਜੀ ਹੈ? ਤਾਂ ਕਿ ਕੋਲੇ ਅਤੇ ਬਿਜਲੀ ਦੇ ਕਾਰੋਬਾਰ ’ਚ ਸ਼ਾਮਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਨ-ਮਾਨੇ ਮੁੱਲ ਨਾਲ ਅੰਨ੍ਹੀ ਲੁੱਟ ਕਰਨ ਦਾ ਲਾਇਸੰਸ ਮਿਲ ਜਾਵੇ ਜਾਂ ਫਿਰ ਇਹ ਸਾਰਾ ਫ਼ਰਜੀ ਸੰਕਟ ਲਖੀਮਪੁਰ ਖੀਰੀ ਕਤਲੇਆਮ, ਸ਼ਿਲੌਂਗ ’ਚ ਸਿੱਖਾਂ ਦਾ ਉਜਾੜਾ ਅਤੇ ਜੰਮੂ- ਕਸ਼ਮੀਰ ’ਚ ਹਿੰਦੂ- ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਅੱਤਵਾਦੀ ਘਟਨਾਵਾਂ ਤੋਂ ਦੇਸ਼ ਦਾ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ?  

ਅਮਨ ਅਰੋੜਾ ਨੇ ਪੰਜਾਬ ਦੀ ਸੱਤਾ ’ਤੇ ਹੁਣ ਤੱਕ ਕਾਬਜ਼ ਰਹੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਦੀ ਅਲੋਚਨਾ ਕਰਦਿਆਂ ਕਿਹਾ, ‘‘ਕੈਪਟਨ ਅਤੇ ਬਾਦਲ ਸਰਕਾਰਾਂ ਨੇ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਬਿਜਲੀ ਦੀ ਪੂਰਤੀ ਲਈ ਪ੍ਰਾਈਵੇਟ ਥਰਮਲ ਪਲਾਂਟਾਂ ’ਤੇ ਨਿਰਭਰਤਾ ਵਧਾਈ ਦਿੱਤੀ ਹੈ, ਜੋ ਅੱਜ ਪੰਜਾਬੀਆਂ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ। ਬਾਦਲਾਂ ਵੱਲੋਂ ਕਾਰਪੋਰੇਟਰਾਂ ਨਾਲ ਕੀਤੇ ਬਿਜਲੀ ਸਮਝੌਤੇ ਜਿੱਥੇ ਬਿਜਲੀ ਸੰਕਟ ਪੈਦਾ ਕਰ ਰਹੇ ਹਨ, ਉਥੇ ਹੀ ਪੰਜਾਬ ਵਾਸੀਆਂ ਦੀ ਲੁੱਟ ਕਰ ਰਹੇ ਹਨ।’’  

LEAVE A REPLY

Please enter your comment!
Please enter your name here