ਬਾਬੇ ਨਾਨਕ ਬਾਰੇ ਵਿਦੇਸ਼ੀ ਸਾਹਿਤ ਪੰਜਾਬੀ ‘ਚ ਹੋਵੇਗਾ ਉਪਲਬਧ

0
4

ਅੰਮ੍ਰਿਤਸਰ (ਸਾਰਾ ਯਹਾ) : ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵਿਦੇਸ਼ੀ ਸਾਹਿਤ ਹੁਣ ਪੰਜਾਬੀ ਵਿੱਚ ਮਿਲੇਗਾ। ਦੇਸ਼ ਦੇ ਜਨਤਕ ਖੇਤਰ ਦੇ ਪ੍ਰਕਾਸ਼ਕ ਨੈਸ਼ਨਲ ਬੁੱਕ ਟਰੱਸਟ ਵੱਲੋਂ ਇਹ ਬੀੜਾ ਚੁੱਕਿਆ ਜਾ ਰਿਹਾ ਹੈ। ਟਰੱਸਟ ਨੇ ਬੰਗਾਲੀ, ਫਾਰਸੀ ਤੇ ਉਰਦੂ ਆਦਿ ਭਾਸ਼ਾਵਾਂ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਰਚਿਆ ਗਿਆ ਸਾਹਿਤ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਕਵਿਤਾਵਾਂ ਹਨ, ਦਾ ਪੰਜਾਬੀ ਵਿੱਚ ਤਰਜ਼ਮਾ ਕੀਤਾ ਜਾਵੇਗਾ।

ਨੈਸ਼ਨਲ ਬੁੱਕ ਟਰੱਸਟ ਦੇ ਚੇਅਰਮੈਨ ਬਦਲੇਵ ਭਾਈ ਸ਼ਰਮਾ ਤੇ ਮੁੱਖ ਸੰਪਾਦਕ ਨੀਰਾ ਜੈਨ ਨੇ ਬੀਤੇ ਦਿਨੀਂ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਿਸਿਟੀ ਵਿੱਚ ਹੋਈ ਮੀਟਿੰਗ ‘ਚ ਇਸ ਮਤੇ ‘ਤੇ ਸਹੀ ਪਾਈ। ਐਨਬੀਟੀ ਦੇ ਪੰਜਾਬੀ ਦੇ ਸਹਾਇਕ ਸੰਪਾਦਕ ਨਵਜੋਤ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਨਾਲ ਸਬੰਧਤ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਨੈਸ਼ਨਲ ਬੁੱਕ ਟਰੱਸਟ ਦੇ ਪੰਜਾਬੀ ਸਲਾਹਕਾਰ ਕਮੇਟੀ ਦੀ ਬੈਠਕ ਵੀ ਅੰਮ੍ਰਿਤਸਰ ਵਿੱਚ ਇਸੇ ਲਈ ਹੀ ਰੱਖੀ ਗਈ ਸੀ ਕਿ ਹਰ ਭਾਸ਼ਾ ਦੀ ਮੀਟਿੰਗ ਸਬੰਧਤ ਸੂਬੇ ਵਿੱਚ ਜਾ ਕੇ ਹੀ ਕੀਤੀ ਜਾਵੇ ਤਾਂ ਜੋ ਉੱਥੋਂ ਦੇ ਬੁੱਧੀਜੀਵੀਆਂ ਦੇ ਮੁੱਲਵਾਣ ਵਿਚਾਰ ਲਏ ਜਾ ਸਕਣ।

ਉਨ੍ਹਾਂ ਦੱਸਿਆ ਕਿ ਐਨਬੀਟੀ ਦੀ ‘ਆਦਾਨ-ਪ੍ਰਦਾਨ’ ਸੀਰੀਜ਼ ਪੰਜਾਬੀ ਦੀਆਂ ਕਿਤਾਬਾਂ ਦਾ ਅਨੁਵਾਦ ਹੋਰਨਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਲਈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਰੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾਈ ਜਾਵੇਗੀ। ਬੈਠਕ ਵਿੱਚ ਪੰਜਾਬ ਦਾ ਖੇਡਾਂ ਵਿੱਚ ਪਾਏ ਵਡਮੁੱਲੇ ਯੋਗਦਾਨ ਸਬੰਧੀ ਵਿਸ਼ੇਸ਼ ਪੁਸਤਕਾਂ ਤਿਆਰ ਕਰਨ ਦਾ ਮਤਾ ਵੀ ਪਾਸ ਹੋਇਆ। ਇਸ ਤੋਂ ਇਲਾਵਾ ਨੈਸ਼ਨਲ ਬੁੱਕ ਟਰੱਸਟ 20ਵੀਂ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ ਵੀ ਤਿਆਰ ਕਰਵਾਏਗਾ। ਨਾਲ ਹੀ ਪੁਆਧੀ ਭਾਸ਼ਾ ਦੇ ਸ਼ਬਦਕੋਸ਼ ਦਾ ਵਿਕਾਸ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ।

ਮੀਟਿੰਗ ਦੌਰਾਨ ਪ੍ਰੋਫੈਸਰ ਈਸ਼ਵਰ ਦਿਆਲ ਗੌੜ, ਜਸਵੰਤ ਸਿੰਘ ਜ਼ਫ਼ਰ, ਪ੍ਰੋ. ਸਰਬਜਿੰਦਰ ਸਿੰਘ, ਗੁਰਭੇਜ ਸਿੰਘ ਗੁਰਾਇਆ, ਪ੍ਰੋਫੈਸਰ ਰਾਣਾ ਨਈਅਰ, ਡਾ. ਧਨਵੰਤ ਕੌਰ, ਪ੍ਰੋਫੈਸਰ ਮਨਜੀਤ ਸਿੰਘ, ਪ੍ਰੋ. ਹਰਪਾਲ ਸਿੰਘ ਪੰਨੂ ਵਰਗੇ ਬੁੱਧੀਜੀਵੀ ਇਸ ਬੈਠਕ ਵਿੱਚ ਪਹੁੰਚੇ ਸਨ। ਇਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਤੇ ਪੰਜਾਬੀਆਂ ਨੂੰ ਸਾਹਿਤ ਨਾਲ ਜੋੜਨ ਲਈ ਆਪਣੇ ਸੁਝਾਅ ਦਿੱਤੇ।


EDITED BY : SARA YAHA | | Last Updated : 7:00 pm 2 AUGUST  2018

LEAVE A REPLY

Please enter your comment!
Please enter your name here