

ਮਾਨਸਾ, 28 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਖੁਰਦ ਪਿੰਡ ਦੇ ਵਾਸੀਆਂ ਵੱਲ੍ਹੋਂ ਪਿੰਡ ‘ਚ ਮਨਾਏ ਗਏ ਤੀਜ ਦੇ ਤਿਉਹਾਰ ਨੇ ਨਵੀਆਂ ਪੈੜਾਂ ਪਾ ਦਿੱਤੀਆਂ। ਇਸ ਮੌਕੇ ਤੇ ਕਈ ਵਰ੍ਹਿਆਂ ਬਾਅਦ ਆਪਣੇ ਪੇਕੇ ਬਾਬਲ ਦੇ ਪਿੰਡ ਆਈ 103 ਵਰ੍ਹਿਆਂ ਦੀ ਜਸਵੀਰ ਕੌਰ ਨੇ ਸਹੁਰੇ ਪਿੰਡ ਤਿਉਣਾ ਪੁਜਾਰੀਆਂ ਤੋਂ ਵਿਸ਼ੇਸ਼ ਤੌਰ ਤੇ ਆ ਕੇ ਬੋਲੀਆਂ ਪਾਈਆਂ ਅਤੇ ਹੋਰਨਾਂ ਧੀਆਂ ਧਿਆਣੀਆਂ ਨਾਲ ਗਿੱਧੇ ਦੇ ਪਿੜ ‘ਚ ਗੇੜਾ ਵੀ ਲਗਾਇਆ। ਪਿੰਡ ਵਾਸੀਆਂ ਨੇ ਧੀਆਂ ਦੇ ਸਤਿਕਾਰ ‘ਚ ਜਿਸ ਰੂਪ ਵਿੱਚ ਪੇਕੇ ਆਈਆਂ ਕੁੜੀਆਂ ਦੀ ਆਓ ਭੁਗਤ ਕੀਤੀ, ਉਸ ਪਿਆਰ ਨੇ ਧੀਆਂ ਨੂੰ ਖੁਸ਼ੀ ਵਿੱਚ ਭਾਵੁਕ ਵੀ ਕਰ ਦਿੱਤਾ।
ਸੰਤ ਪ੍ਰਸ਼ੋਤਮ ਦਾਸ ਵਿਰਕੁਤ ਕੁਟੀਆ ਸਵਾਮੀ ਨਿਰੰਜਨ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਨੇ ਪੰਜਾਬ ਦੇ ਕੋਨੇ ਕੋਨੇ ਤੋਂ ਆਈਆਂ ਸੈਂਕੜੇ ਧੀਆਂ ਨੂੰ ਸ਼ਾਲ, ਫੁਲਕਾਰੀਆਂ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ‘ਚ ਧੀਆਂ ਦੇ ਪਵਿੱਤਰ ਰਿਸ਼ਤਿਆਂ ਨੂੰ ਹੋਰ ਸਤਿਕਾਰ ਦੇਣ ਦੀ ਵੱਡੀ ਲੋੜ ਹੈ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਬੇਸ਼ੱਕ ਅਸੀਂ ਕਿਸੇ ਵੀ ਧਰਮ, ਸਿਆਸਤ ਨਾਲ ਜੁੜੇ ਹੋਏ ਹਾਂ ਪਰ ਪਿੰਡਾਂ ਦੀਆਂ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਸਿਆਸਤਾਂ ਤੋਂ ਉਪਰ ਉਠਕੇ ਮਨੁੱਖੀ ਰਿਸ਼ਤਿਆਂ ਦੀਆਂ ਤੰਦਾਂ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਖੁਸ਼ੀ ਤੇ ਮਾਣ ਮਹਿਸੂਸ ਕੀਤਾ ਕਿ ਮਾਨਸਾ ਖੁਰਦ ਦੇ ਹਰ ਪਰਿਵਾਰ ਨੇ ਜਿਸ ਰੂਪ ਵਿੱਚ ਮਨੁੱਖੀ ਸਾਂਝਾਂ ਨੂੰ ਮਜ਼ਬੂਤ ਕਰਨ ਦਾ ਸਨੇਹਾ ਦਿੱਤਾ ਹੈ। ਇਹ ਪਿਰਤ ਹੋਰਨਾਂ ਪਿੰਡਾਂ ਲਈ ਵੀ ਨਵਾਂ ਸਨੇਹਾ ਦੇਵੇਗੀ।
ਪਿੰਡ ਮਾਨਸਾ ਖੁਰਦ ਦੀ 95 ਸਾਲਾਂ ਵੱਡੀ ਮਾਤਾ ਜੀ ਭਾਗਵੰਤੀ ਕੌਰ ਨੇ ਹੋਰਨਾਂ ਬੁਜ਼ਰਗ ਔਰਤਾਂ ਨਾਲ ਮਿਲ ਕੇ ਸਮਾਗਮ ਦੌਰਾਨ ਜਿਥੇ ਹਰ ਧੀ ਦਾ ਮਾਣ ਸਨਮਾਨ ਕੀਤਾ। ਉਥੇ ਉਨ੍ਹਾਂ ਨਾਲ ਦੁੱਖਾਂ ਸੁੱਖਾਂ ਦੀਆਂ ਗੱਲਾਂ ਬਾਤਾਂ ਵੀ ਕੀਤੀਆਂ। ਪਿੰਡ ਵਿੱਚ ਤੀਜ ਦੇ ਸਮਾਗਮ ਦੀਆਂ ਤਿਆਰੀਆਂ ਪਿੱਛਲੇ ਮਹੀਨੇ ਭਰ ਤੋਂ ਚੱਲ ਰਹੀਆਂ ਸਨ। ਪਿੰਡ ਦੇ ਨੌਜਵਾਨਾਂ ਸਮੇਤ ਹਰ ਵਰਗ ਨਾਲ ਸਬੰਧਿਤ ਵਿਅਕਤੀ ਦਿਨ ਰਾਤ ਧੀਆਂ ਦੀ ਆਮਦ ਨੂੰ ਲੈ ਕੇ ਪੱਬਾਂ ਭਾਰ ਸਨ। ਪਿੰਡ ਚ ਸੱਦਾ ਪੱਤਰ ਦੀ ਸ਼ੁਰੂਆਤ ਵੀ ਪਿੰਡ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਰਣ ਸਿੰਘ, ਸੁਖਦੇਵ ਸਿੰਘ ਤੋਂ ਕੀਤੀ ਗਈ। ਇਸ ਮੌਕੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਮਾਤਾ ਜੀ ਭੋਲੀ ਕੌਰ ਦੇ ਅਸਥਾਨ ਤੋਂ ਬਾਬਾ ਹਰਬੇਅੰਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸੰਗਤਾਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ । ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਇਸ ਮੌਕੇ ਸ਼ਿਰਕਤ ਕਰਦਿਆਂ ਪਿੰਡ ਵਾਸੀਆਂ ਦੇ ਵਿਲੱਖਣ ਕਾਰਜ ਦੀ ਭਰਵੀਂ ਪ੍ਰਸ਼ੰਸਾ ਕੀਤੀ। ਇਸ ਮੌਕੇ ਖੀਰ ਪੂੜਿਆਂ, ਚਾਹ ਪਕੌੜਿਆਂ ਦਾ ਲੰਗਰ ਵੀ ਲਾਇਆ ਗਿਆ।
ਪ੍ਰੋਗਰਾਮ ਦੇ ਆਖਰ ਵਿੱਚ ਵਿਦਾ ਲੈਂਦਿਆਂ ਧੀਆਂ ਨੇ ਬਾਬਾ ਪ੍ਰਸ਼ੋਤਮ ਦਾਸ ਜੀ ਨੂੰ ਬੇਨਤੀ ਕੀਤੀ ਕਿ ਅਜਿਹੇ ਸਮਾਗਮ ਹਰ ਵਰ੍ਹੇ ਕੀਤੇ ਜਾਣ।























