

ਚੰਡੀਗੜ੍ਹ(ਸਾਰਾ ਯਹਾਂ ): ਚੋਣ ਕਮਿਸ਼ਨ ਨੇ ਸਰਕਾਰ ਦੇ ਨਾਸੀਂ ਧੂੰਆਂ ਲਿਆਉਣ ਵਾਲੇ ਐਸਐਚਓ ਦਾ ਤਬਾਦਲਾ ਕਰ ਦਿੱਤਾ ਹੈ। ਪਰਮਿੰਦਰ ਸਿੰਘ ਬਾਜਵਾ ਦੀ ਜਗ੍ਹਾ ਮਲੌਦ ਥਾਣੇ ਦੇ ਮੁਖੀ ਹਰਦੀਪ ਸਿੰਘ ਨੂੰ ਮਹਿਤਪੁਰ ਦਾ ਨਵਾਂ ਐਸਐਚਓ ਲਾਇਆ ਗਿਆ ਹੈ। ਪਰਮਿੰਦਰ ਸਿੰਘ ਨੂੰ ਅੱਜ ਦੁਪਹਿਰ ਸਰਕਾਰੀ ਮੁਲਾਜ਼ਮ ਦੀ ਡਿਊਟੀ ਵਿੱਚ ਅੜਿੱਕਾ ਡਾਹੁਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਸੀ।
ਚੋਣ ਕਮਿਸ਼ਨ ਨੇ ਹੀ ਲੰਘੀ ਦੋ ਮਈ ਨੂੰ ਸ਼ਾਹਕੋਟ ਐਸਡੀਐਮ ਦਰਬਾਰਾ ਸਿੰਘ ਦੀ ਥਾਂ 2011 ਬੈਚ ਦੇ ਪੀਸੀਐਸ ਅਧਿਕਾਰੀ ਜਗਜੀਤ ਸਿੰਘ ਤੇ ਸ਼ਾਹਕੋਟ ਤੇ ਮਹਿਤਪੁਰ ਦੇ ਥਾਣਿਆਂ ਦੇ ਮੁਖੀ ਲਈ ਕ੍ਰਮਵਾਰ ਦਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਸਨ।
ਇੰਸਪੈਕਟਰ ਪਰਮਿੰਦਰ ਬਾਜਵਾ ਨੇ ਚਾਰ ਮਈ ਨੂੰ ਸੁਵਖ਼ਤੇ ਹੀ ਜ਼ਿਮਨੀ ਚੋਣ ਲਈ ਹਲਕੇ ਦੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਭੂਚਾਲ ਆਇਆ ਹੋਇਆ ਹੈ।
ਸ਼ਾਹਕੋਟ ਤੋਂ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਹਲਕੇ ਦਾ ਵਿਧਾਇਕ ਮੁੜ ਤੋਂ ਚੁਣਿਆ ਜਾਣਾ ਹੈ। ਜ਼ਿਮਨੀ ਚੋਣ ਲਈ ਕਾਂਗਰਸ ਦੇ ਨਾਜਾਇਜ਼ ਮਾਈਨਿੰਗ ਦੇ ‘ਮੁਲਜ਼ਮ’ ਉਮੀਦਵਾਰ ਲਾਡੀ ਸ਼ੇਰੋਵਾਲੀਆ ਤੋਂ ਇਲਾਵਾ ਅਕਾਲੀ ਦਲ ਨੇ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਤੇ ਸੂਬੇ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਕਾਕੜ ਕਲਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਸ਼ਾਹਕੋਟ ਜ਼ਿਮਨੀ ਚੋਣ ਲਈ ਵੋਟਾਂ 28 ਮਈ ਨੂੰ ਪੈਣਗੀਆਂ ਤੇ ਨਤੀਜਿਆਂ ਦਾ ਐਲਾਨ 1 ਜੂਨ ਨੂੰ ਕੀਤਾ ਜਾਵੇਗਾ।

First Published: Friday, 11 May 2018























