*ਬਰਸਾਤੀ ਪਾਣੀ ਨੇ ਬੁਢਲਾਡਾ ਸ਼ਹਿਰ ਨੂੰ ਡੁਬਾਉਣ ਦੀ ਸਥਿਤੀ ਚ ਪਹੁੰਚਾਇਆ*

0
213

ਬੁਢਲਾਡਾ, 4ਸਤੰਬਰ (ਸਾਰਾ ਯਹਾਂ/ਮੇਹਤਾ ਅਮਨ) – ਤਕਰੀਬਨ ਪਿਛਲੇ 15 ਦਿਨਾਂ ਤੋਂ ਪੰਜਾਬ ਭਰ ਅੰਦਰ ਲਗਾਤਾਰ ਪੈ ਰਹੀ ਬਰਸਾਤ ਨੇ ਜਿੱਥੇ ਸੂਬੇ ਚ ਹੜਾਂ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਉੱਥੇ ਪਿਛਲੇ 8 ਦਿਨਾਂ ਤੋਂ ਸ਼ਹਿਰ ਦੇ ਦਾਣਾ ਮੰਡੀ, ਗੋਲ ਚੱਕਰ ਅਤੇ ਚੌੜੀ ਗਲੀ ਸਮੇਤ ਕਈ ਇਲਾਕਿਆਂ ਚੋਂ ਅਜੇ ਪਹਿਲਾ ਵਾਲਾ ਪਾਣੀ ਵੀ ਨਹੀਂ ਨਿਕਲਿਆ ਸੀ ਉੱਪਰੋਂ ਅੱਜ ਤੋਂ ਫਿਰ ਹੋਈ ਮੌਲਾ ਧਾਰ ਬਰਸਾਤ ਨਾਲ ਸ਼ਹਿਰ ਦੇ ਅੱਧੇ ਤੋਂ ਵੱਧ ਬਾਜ਼ਾਰਾਂ ਚ ਵੀ ਪਾਣੀ ਫਿਰ ਭਰ ਗਿਆ। ਅੱਜ ਤੜਕਸਾਰ ਹੋਈ ਜੋਰਦਾਰ ਬਰਸਾਤ ਨਾਲ ਸ਼ਹਿਰ ਦੀ ਮੁੱਖ ਰੇਲਵੇ ਰੋਡ, ਗਾਂਧੀ ਬਾਜ਼ਾਰ, ਅਨਾਜ ਮੰਡੀ,  ਗੈਸ ਏਜੰਸੀ ਰੋਡ ਬਜ਼ਾਰ ਕਈ ਕਈ ਫੁੱਟ ਪਾਣੀ ਨਾਲ ਭਰ ਗਏ, ਜਿਸ ਕਰਕੇ ਕੋਈ ਦੁਕਾਨਦਾਰ ਆਪਣੇ ਕਾਰੋਬਾਰ ਬੰਦ ਕਰਕੇ ਘਰਾਂ ਨੂੰ ਚਲੇ ਗਏ। ਇਸ ਬਰਸਾਤੀ ਪਾਣੀ ਚੋਂ ਜਿੱਥੇ ਲੋਕਾਂ ਲਈ ਲੰਘਣਾ ਮੁਸ਼ਕਿਲ ਹੋ ਰਿਹਾ ਉੱਥੇ ਇਨ੍ਹਾਂ ਬਾਜ਼ਾਰਾਂ ਵਿੱਚ ਸਾਰੇ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ। ਲੋਕਾਂ ਨੇ ਦੱਸਿਆ ਕਿ ਅੱਠ ਦਿਨ ਪਹਿਲਾਂ ਪਏ ਮੀਂਹ ਦਾ ਪਾਣੀ ਸ਼ਹਿਰ ਦੇ ਅਨਾਜ ਮੰਡੀ ਅਤੇ ਗੋਲ ਚੱਕਰ ਸਮੇਤ ਚੌੜੀ ਗਲੀ ਵਿੱਚੋਂ ਅਜੇ ਤੱਕ ਨਹੀਂ ਨਿਕਲਿਆ ਸੀ ਅਤੇ ਹੁਣ ਫਿਰ ਤੋਂ ਬਰਸਾਤ ਹੋ ਜਾਣ ਕਰਨ ਇਹ ਪਾਣੀ ਦਾ ਹੁਣ ਹੋਰ ਕਈ ਦਿਨ ਨਿਕਲਣ ਦੀ ਸੰਭਾਵਨਾ ਵੀ ਨਹੀਂ ਜਾਪਦੀ। ਲੋਕਾਂ ਨੇ ਮੰਗ ਕੀਤੀ ਕਿ ਅਜਿਹੀ ਖਤਰਨਾਕ ਸਥਿਤੀ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਇਸ ਪਾਣੀ ਤੋਂ ਨਿਜਾਤ ਦਿਵਾਉਣ ਲਈ ਲੋੜੀਦੇ ਐਮਰਜੈਂਸੀ ਪ੍ਰਬੰਧ ਕਰਕੇ ਇਸ ਪਾਣੀ ਨੂੰ ਕਢਵਾਇਆ ਜਾਵੇ ਤਾਂ ਜੋ ਲੋਕ ਸੁਰੱਖਿਤ ਮਹਿਸੂਸ ਕਰ ਸਕਣ। ਦੂਜੇ ਪਾਸੇ ਸੱਤਾਧਾਰੀ ਆਗੂਆਂ ਵੱਲੋਂ ਇਸ ਕੁਦਰਤੀ ਕਰੋਪੀ ਦੌਰਾਨ ਸੰਜਮ ਰੱਖ ਕੇ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਦੱਸਿਆ ਗਿਆ ਹੈ ਕਿ ਜਿੱਥੇ ਬੁਢਲਾਡਾ ਸ਼ਹਿਰ ਦੇ ਸੀਵਰੇਜ ਦਾ ਪਾਣੀ ਜਾਂਦਾ ਹੈ, ਉਹ ਅਹਿਮਦਪੁਰ ਚੋਅ ਡਰੇਨ ਅਜੇ ਕਾਫੀ ਵੱਧ ਲੈਵਲ ਤੇ ਚੱਲ ਰਿਹਾ ਹੈ ਅਤੇ ਪਿਛਲੇ ਦਿਨੀਂ ਇਸ ਵਿਚ ਪਾਣੀ ਘਟਣ ਤੋਂ ਬਾਅਦ ਇਹ ਪਾਣੀ ਨਿਕਲਣ ਦੀ ਉਮੀਦ ਬੱਝੀ ਸੀ ਪਰੰਤੂ ਹੁਣ ਫਿਰ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਸਰਹੰਦ ਚੋਅ ਡਰੇਨ ਫਿਰ ਤੋਂ ਵੱਧ ਲੈਵਲ ਕੇ ਚਲ ਰਿਹਾ ਹੈ ਜਿਸ ਤੇ ਚੱਲਦਿਆਂ ਸ਼ਹਿਰ ਅੰਦਰੋਂ ਪਾਣੀ ਨਿਕਲਣ ਦੀ ਮੁਸ਼ਕਿਲ ਅਜੇ ਲੋਕਾਂ ਲਈ ਕਈ ਦਿਨਾਂ ਤੱਕ ਹੋਰ ਬਣੀ ਰਹਿ ਸਕਦੀ ਹੈ । ਲੋਕਾਂ ਦਾ ਦੋਸ਼ ਇਹ ਵੀ ਸੀ ਕਿ ਸੱਤਧਾਰੀ ਪਾਰਟੀ ਦੇ ਆਗੂ ਪਿਛਲੇ ਕਈ ਮਹੀਨਿਆਂ ਤੋਂ ਇਹ ਗੁਣਗਾਨ ਗਾਉਂਦੇ ਨਹੀਂ ਥੱਕਦੇ ਸਨ ਕਿ ਹੁਣ ਸੀਵਰੇਜ ਸਿਸਟਮ ਦਰੁਸਤ ਕਰ ਦਿੱਤਾ ਹੈ ਕਿਉਂਕਿ ਵੱਡੀਆਂ ਵੱਡੀਆਂ ਮਸ਼ੀਨਾਂ ਸ਼ਹਿਰ ਅੰਦਰ ਮੌਜੂਦ ਹਨ ਪਰੰਤੂ ਉਹਨਾਂ ਮਸ਼ੀਨਾਂ ਦਾ ਕੋਈ ਵੀ ਫਾਇਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ, ਸ਼ਹਿਰ ਪੂਰੇ ਦਾ ਪੂਰਾ ਜਲ ਮਗਨ ਹੋਣ ਵੱਲ ਵੱਧ ਰਿਹਾ ਹੈ ਜੇਕਰ ਆਉਂਦੇ ਇਕ ਦੋ ਦਿਨ ਦੌਰਾਨ ਮੌਸਮ ਸਾਫ਼ ਨਹੀਂ ਹੁੰਦਾ ਅਤੇ ਹੋਰ ਬਰਸਾਤ ਹੋ ਜਾਂਦੀ ਹੈ ਤਾਂ ਸਮੁੱਚਾ ਸ਼ਹਿਰ ਹੀ ਇਸ ਮੀਂਹ ਦੇ ਪਾਣੀ ਦੀ ਲਪੇਟ ਵਿੱਚ ਆ ਜਾਵੇਗਾ। ਬਰਸਾਤੀ ਪਾਣੀ ਕਾਰਨ ਕਈ ਨੀਵੇਂ ਘਰਾਂ ਨੂੰ ਨੁਕਸਾਨ ਦੀ ਮਾਰ ਝੱਲਣੀ ਪੈ ਰਹੀ ਹੈ ਅਤੇ ਕਈ ਲੋਕਾਂ ਦੇ ਘਰਾਂ ਅੰਦਰ ਛੱਤਾਂ ਚੋ ਪਾਣੀ ਟੱਪਕ ਰਿਹਾ ਹੈ ਅਤੇ ਕਈ ਕੱਚੇ ਅਤੇ ਪੁਰਾਣੇ ਬਣੇ ਘਰਾਂ ਅੰਦਰ ਸਥਿਤੀ ਗੰਭੀਰ ਬਣੀ ਹੋਈ ਹੈ। 

LEAVE A REPLY

Please enter your comment!
Please enter your name here