ਬਰਗਾੜੀ ਕੇਸ ’ਚ ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨਾ ਹੀ ਰਸੂਖਵਾਨ ਕਿਉਂ ਨਾ ਹੋਵੇ-ਕੈਪਟਨ ਅਮਰਿੰਦਰ ਸਿੰਘ

0
7

ਮਹਿਰਾਜ (ਬਠਿੰਡਾ),(ਸਾਰਾ ਯਹਾ,(ਬਲਜੀਤ ਸ਼ਰਮਾ) 28 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਰਗਾੜੀ ਕੇਸ ਦੇ ਕਿਸੇ ਵੀ ਦੋਸ਼ੀ ਨੂੰ ਨਾ ਬਖ਼ਸ਼ਣ ਦਾ ਐਲਾਨ ਕੀਤਾ ਹੈ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਸਿਆਸਤਦਾਨ ਜਾਂ ਪੁਲੀਸ ਅਫ਼ਸਰ ਹੀ ਕਿਉਂ ਨਾ ਹੋਵੇ।

                ਅਕਾਲੀਆਂ ਵੱਲੋਂ ਇਸ ਘਟਨਾ ਦੀ ਜਾਂਚ ਲਈ ਆਪ ਹੀ ਸਥਾਪਤ ਕੀਤੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਪ੍ਰਵਾਨ ਨਾ ਕਰਨ ਅਤੇ ਦੋਸ਼ੀਆਂ ਨੂੰ ਵੀ ਹੱਥ ਪਾਉਣ ਤੋਂ ਨਾਕਾਮ ਰਹਿਣ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਵੱਲੋਂ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ ਛੇਤੀ ਹੀ ਨਤੀਜੇ ’ਤੇ ਪਹੁੰਚੇਗੀ ਅਤੇ ਉਹ ਇਸ ਗੱਲ ਨੂੰ ਨਿੱਜੀ ਤੌਰ ’ਤੇ ਯਕੀਨੀ ਬਣਾਉਣਗੇ ਕਿ ਇਸ ਘਟਨਾ ਲਈ ਕੋਈ ਵੀ ਦੋਸ਼ੀ ਕਾਨੰੂਨ ਦੇ ਸ਼ਿਕੰਜੇ ’ਚੋਂ ਬਚ ਨਾ ਨਿਕਲੇ।

                ਇਸ ਮਾਮਲੇ ਵਿੱਚ ਇਕ ਸੀਨੀਅਰ ਪੁਲੀਸ ਅਧਿਕਾਰੀ ਨੂੰ ਗਿ੍ਰਫਤਾਰ ਕਰ ਲੈਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਆਲ ਦੇ ਘੇਰੇ ਵਿੱਚ ਆਏ ਅਧਿਕਾਰੀ ਨੇ ਸੁਭਾਵਿਕ ਤੌਰ ’ਤੇ ਕਿਸੇ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਵਿਸ਼ੇਸ਼ ਜਾਂਚ ਟੀਮ ਇਹ ਹੁਕਮ ਜਾਰੀ ਕਰਨ ਵਾਲਿਆਂ ਦੀ ਵੀ ਸ਼ਨਾਖ਼ਤ ਕਰੇਗੀ। ਉਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸ਼ਿਆ ਜਾਵੇਗਾ।

                ਮੁੱਖ ਮੰਤਰੀ ਨੇ ਅੱਜ ਇੱਥੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਵਿਰੁੱਧ ਬਠਿੰਡਾ ਅਤੇ ਮਾਨਸਾ ਦੇ 18308 ਛੋਟੇ ਕਿਸਾਨਾਂ ਨੂੰ 97 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਉਂਦਿਆਂ ਇਨਾਂ ਦੋਵਾਂ ਜ਼ਿਲਿਆਂ ਦੇ 10-10 ਕਿਸਾਨਾਂ ਨੂੰ ਰਸਮੀ ਤੌਰ ’ਤੇ ਕਰਜ਼ਾ ਰਾਹਤ ਸਰਟੀਫਿਕੇਟ ਵੀ ਨਿੱਜੀ ਤੌਰ ’ਤੇ ਸੌਂਪੇ।

                ਇਸ ਮੌਕੇ ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੌਰਾਨ ਖੇਤੀਬਾੜੀ ਤੋਂ ਲੈ ਕੇ ਉਦਯੋਗ ਅਤੇ ਆਰਥਿਕਤਾ ਸਮੇਤ ਹਰੇਕ ਖੇਤਰ ਦਾ ਭੱਠਾ ਬਿਠਾ ਦੇਣ ’ਤੇ ਇਨਾਂ ਨੂੰ ਆੜੇ ਹੱਥੀ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਅਤੇ ਇਸ ਦੀ ਜੁੰਡਲੀ ਲੋਕਾਂ ਦਾ ਭਲਾ ਕਰਨ ਦੀ ਥਾਂ ’ਤੇ ਆਪਣੀਆਂ ਜੇਬਾਂ ਭਰਨ ਵਿੱਚ ਹੀ ਮਸਤ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਸ ਮਾੜੇ ਦੌਰ ਨੂੰ ਪਲਟਦਿਆਂ ਨਵੀਂ ਸ਼ੁਰੂਆਤ ਕੀਤੀ ਜਿਸ ਤਹਿਤ ਇਕੱਲੇ ਫਤਿਹਗੜ ਸਾਹਿਬ ਵਿੱਚ ਹੀ 300 ਸਟੀਲ ਫੈਕਟਰੀਆਂ ਮੁੜ ਚੱਲਣ ਲੱਗ ਪਈਆਂ।

                ਮੁੱਖ ਮੰਤਰੀ ਨੇ ਉਨਾਂ ਦੇ ਪੁਰਖੇ ਸਰਦੂਲ ਸਿੰਘ ਜੋ ਬਾਬਾ ਆਲਾ ਸਿੰਘ ਦੇ ਪੁੱਤਰ ਸਨ, ਦੀ ਸਮਾਧ ਦੀ ਥਾਂ ’ਤੇ ਪੁਲੀਸ ਥਾਣਾ ਬਣਾ ਦੇਣ ਲਈ ਵੀ ਪਿਛਲੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪਿੰਡ ਦੇ ਦੌਰੇ ਨੂੰ ਚੇਤੇ ਕਰਦਿਆਂ ਉਨਾਂ ਕਿਹਾ ਕਿ ਭਾਵੇਂ ਉਨਾਂ ਦੀ ਸਰਕਾਰ ਕਰਜ਼ਾ ਮੁਆਫੀ ਜਾਂ ਹੋਰ ਵਿਕਾਸ ਫੰਡ ਦੇਣ ਵਿੱਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦੀ ਪਰ ਅਕਾਲੀ ਪੱਖਪਾਤ ਅਪਣਾਉਂਦੇ ਸਨ ਜਿਸ ਕਰਕੇ ਅਕਾਲੀ ਸਰਕਾਰ ਨੇ ਉਨਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਅਤੇ ਪਟਿਆਲਾ ਨੂੰ ਵਿਕਾਸ ਪੱਖੋਂ ਪੂਰੀ ਤਰਾਂ ਅਣਗੌਲਿਆ ਰੱਖਿਆ ਸੀ।

                ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਅਤੇ ਨਸ਼ਿਆਂ ਦਾ ਲੱਕ ਤੋੜ ਦੇਣ ਦੇ ਆਪਣੇ ਚੋਣ ਵਾਅਦੇ ਨੂੰ ਸਹੀ ਢੰਗ ਨਾਲ ਅਮਲ ਵਿੱਚ ਲਿਆਉਣ ’ਤੇ ਤਸੱਲੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਨਾਂ ਦੀ ਸਰਕਾਰ ਆਈ ਹੈ, ਉਸ ਵੇਲੇ ਤੋਂ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ ਅਤੇ ਇਸੇ ਤਰਾਂ ਨਸ਼ਿਆਂ ਦੇ ਕਾਰੋਬਾਰ ਨੂੰ ਵੀ ਬਹੁਤ ਹੱਦ ਤੱਕ ਠੱਲ ਪੈ ਗਈ ਹੈ। ਉਨਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾਗ੍ਰਸਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਬੱਡੀ ਅਤੇ ਡੈਪੋ ਪ੍ਰੋਗਰਾਮ ਬਹੁਤ ਸਹਾਈ ਸਿੱਧ ਹੋ ਰਹੇ ਹਨ ਜਿਨਾਂ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ।

                ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਕਿਸਾਨੀ ਦੀ ਬਾਂਹ ਫੜਨ ਲਈ ਉਨਾਂ ਵੱਲੋਂ ਵਾਰ-ਵਾਰ ਕੀਤੀਆਂ ਅਪੀਲਾਂ ਦਾ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਭਰਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਪਾਸੋਂ ਉਨਾਂ ਨੂੰ ਵਿਰਾਸਤ ਵਿੱਚ ਮਿਲੀ 2.08 ਲੱਖ ਕਰੋੜ ਦੇ ਕਰਜ਼ੇ ਦੇ ਬਾਵਜੂਦ ਸਾਡੀ ਸਰਕਾਰ ਨੇ ਕਰਜ਼ਾ ਰਾਹਤ ਸਕੀਮ ਰਾਹੀਂ ਕਿਸਾਨਾਂ ਨੂੰ ਢਾਰਸ ਦੇਣ ਦੇ ਯਤਨ ਅਰੰਭੇ ਜਿਸ ਤਹਿਤ ਸੂਬੇ ਵਿੱਚ ਖੇਤੀ ਕਰ ਰਹੇ 17 ਲੱਖ ਪਰਿਵਾਰਾਂ ਵਿੱਚੋਂ 10.25 ਲੱਖ ਪਰਿਵਾਰਾਂ ਨੂੰ ਰਾਹਤ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਰਜ਼ਾ ਮੁਆਫੀ ਦੇ ਨਾਲ-ਨਾਲ ਬੇਜ਼ਮੀਨ ਕਿਰਤੀਆਂ ਲਈ ਵੀ ਨਵੀਂ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਲਈ ਸਰਕਾਰ ਕੰਮ ਕਰ ਰਹੀ ਹੈ।

                ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਕਰਜ਼ਾ ਰਾਹਤ ਸਕੀਮ ਸੰਕਟ ’ਚ ਫਸੇ ਗ਼ਰੀਬ ਕਿਸਾਨਾਂ ਲਈ ਥੋੜੀ ਜਿਹੀ ਰਾਹਤ ਕਹੀ ਜਾ ਸਕਦੀ ਹੈ ਅਤੇ ਜਦੋਂ ਤੱਕ ਉਨਾਂ ਨੂੰ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ,ਉਦੋਂ ਤੱਕ ਉਨਾਂ ਦੀਆਂ ਮੁਸ਼ਕਿਲਾਂ ਇਸੇ ਤਰਾਂ ਜਾਰੀ ਰਹਿਣਗੀਆਂ। ਮੁੱਖ ਮੰਤਰੀ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿਨ ਲਾਗੂ ਕਰਨ ਦੀ ਮੰਗ ਦੁਹਰਾਈ। ਉਨਾਂ ਕਿਹਾ ਕਿ ਸਾਰੇ ਸੂਬਿਆਂ ਦੇ ਕਿਸਾਨ ਸੰਕਟ ਵਿੱਚ ਹਨ ਜਿਸ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਸਹਾਇਤਾ ਲਈ ਕੌਮੀ ਨੀਤੀ ਲਿਆਉਣੀ ਚਾਹੀਦੀ ਹੈ।

                ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਲਈ ਪੰਜਾਬ ਦੇ ਮਿਸਾਲੀ ਯੋਗਦਾਨ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੋਂ ਤੱਕ ਕਿ ਇਸ ਵੇਲੇ ਸੂਬੇ ਦੇ ਸਾਰੇ ਗੁਦਾਮ ਨੱਕੋ-ਨੱਕ ਭਰੇ ਹੋਏ ਹਨ। ਉਨਾਂ ਕਿਹਾ ਕਿ ਜੇਕਰ ਭਾਰਤੀ ਖੁਰਾਕ ਨਿਗਮ ਨੇ ਅਨਾਜ ਚੁੱਕਣ ਦੇ ਆਪਣੇ ਟੀਚੇ ਨੂੰ ਪੂਰਾ ਨਾ ਕੀਤਾ ਤਾਂ ਸੂਬੇ ਨੂੰ ਨਵੀਂ ਫ਼ਸਲ ਨੂੰ ਭੰਡਾਰ ਕਰਨ ਲਈ ਆਪਣੇ ਪੱਧਰ ’ਤੇ ਪ੍ਰਬੰਧ ਕਰਨੇ ਪੈਣਗੇ।

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਮੁੱਖ ਮੰਤਰੀ ਨੇ ਪ੍ਰਸੰਸਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਵਾਲਿਆਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਪਰਾਲੀ ਦਾ ਵਧੀਆ ਤਰੀਕੇ ਨਾਲ ਪ੍ਰਬੰਧਨ ਹੋ ਸਕੇ ਪਰ ਕੇਂਦਰ ਸਰਕਾਰ ਵੱਲੋਂ ਇਸ ਮੰਗ ਨੂੰ ਵੀ ਮੰਨਿਆ ਨਹੀ ਗਿਆ। ਇਸ ਦੇ ਬਾਵਜੂਦ ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਕਦਮ ਪੁੱਟਿਆ ਜਿਸ ਨਾਲ ਪੰਜਾਬ ਵਿੱਚ ਹਵਾ ਦੇ ਮਿਆਰ ਵਿੱਚ ਸੁਧਾਰ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੇ ਪ੍ਰਬੰਧਨ ਵਾਸਤੇ 27500 ਮਸ਼ੀਨਾਂ ਸਬਸਿਡੀ ’ਤੇ 250 ਕਰੋੜ ਰੁਪਏ ਦੀ ਲਾਗਤ ਨਾਲ ਮੁਹੱਈਆ ਕਰਵਾਈਆਂ। ਉਨਾਂ ਕਿਹਾ ਕਿ ਅਗਲੇ ਸਾਲ ਇਸ ਤਰਾਂ ਦੀਆਂ 40000 ਹੋਰ ਮਸ਼ੀਨਾਂ ਕਿਸਾਨਾਂ ਨੂੰ 400 ਕਰੋੜ ਰੁਪਏ ਦੀ ਲਾਗਤ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ।

                ਆਪਣੀ ਸਰਕਾਰ ਵੱਲੋਂ ਕੀਤੀਆਂ ਗਈਆਂ ਕੁੱਝ ਕਿਸਾਨ ਪੱਖੀ ਪਹਿਲਕਦਮੀਆਂ ਨੂੰ ਗਿਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੇ ਜਾਣ ਦੇ ਨਤੀਜੇ ਵੱਜੋਂ ਯੂਰੀਆ ਅਤੇ ਡੀ.ਏ.ਵੀ.ਪੀ ਦੀ ਵਰਤੋਂ ਵਿੱਚ ਸਾਉਣੀ-2018 ਦੌਰਾਨ ਕ੍ਰਮਵਾਰ 1 ਲੱਖ ਮੀਟਰਕ ਟਨ ਅਤੇ 46 ਹਜ਼ਾਰ ਟਨ ਕਮੀ ਆਈ ਹੈ। ਇਸ ਦੇ ਨਤੀਜੇ ਵੱਜੋਂ ਪਿਛਲੇ ਸਾਲ ਦੇ ਮੁਕਾਬਲੇ ਕਿਸਾਨਾਂ ਨੂੰ 200 ਕਰੋੜ ਰੁਪਏ ਦੀ ਬਚਤ ਹੋਈ ਹੈ। ਉਨਾਂ ਕਿਹਾ ਕਿ ਬਾਸਮਤੀ ’ਤੇ ਖੇਤੀ ਰਸਾਇਣਾਂ ਦੀ ਸੂਝ ਨਾਲ ਵਰਤੋਂ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਸ਼ੁਰੂ ਕੀਤੀ ਮੁਹਿੰਮ ਦੇ ਨਾਲ ਚਾਵਲ ਦੇ ਮਿਆਰ ਵਿੱਚ ਸੁਧਾਰ ਲਿਆਉਣ ’ਚ ਮਦਦ ਮਿਲੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਅੰਤਰਰਾਸ਼ਟਰੀ ਮੰਡੀ ਵਿੱਚ ਲਾਹੇਵੰਦ ਭਾਅ ਮਿਲਿਆ ਹੈ।

                ਮੁੱਖ ਮੰਤਰੀ ਨੇ ਖੇਤੀ ਉਤਪਾਦਾਂ ਦੀ ਇਲੈਕਟ੍ਰਾਨਿਕ ਮੰਡੀਕਰਨ ਅਤੇ ਅਨਾਜ ਦੀ ਨਿਰਵਿਘਨ ਖਰੀਦ ਦਾ ਵੀ ਜ਼ਿਕਰ ਕੀਤਾ ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲਿਆ।

                ਦਿਹਾਤੀ ਸੰਪਰਕ ਸੜਕਾਂ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਜ਼ੋਰ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੁੱਲ 61000 ਕਿਲੋਮੀਟਰ ਅਜਿਹੀਆਂ ਸੜਕਾਂ ਵਿੱਚੋ16000 ਕਿਲੋਮੀਟਰ ਸੜਕਾਂ ਦੀ 2000 ਕਰੋੜ ਦੀ ਲਾਗਤ ਨਾਲ ਮੁਰੰਮਤ ਕੀਤੀ ਜਾ ਰਹੀ ਹੈ। ਇਸ ਨੂੰ 30 ਜੂਨ ਤੱਕ ਮੁਕੰਮਲ ਕੀਤੇ ਜਾਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਹੋਰਨਾਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੀ ਢੋਆ-ਢੁਆਈ ਲਈ ਵਧੀਆ ਸੜਕਾਂ ਪ੍ਰਾਪਤ ਹੋ ਸਕਣ। ਉਨਾਂ ਨੇ ਮੰਡੀਆਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁਕਣ ’ਤੇ ਵੀ ਜ਼ੋਰ ਦਿੱਤਾ।

                ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਭਾਸ਼ਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਸ ਬਿਆਨ ਦੇ ਵਾਸਤੇ ਤਿੱਖੀ ਆਲੋਚਨਾ ਕੀਤੀ ਜਿਸ ਵਿੱਚ ਉਨਾਂ ਕਿਹਾ ਸੀ ਕਿ ਕਾਂਗਰਸ ਸਰਕਾਰ ਦੇ ਸ਼ਾਸਨ ਦੌਰਾਨ ਕੋਈ ਵਿਕਾਸ ਨਹੀ ਹੋਇਆ। ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦਾ ਮਿਸਾਲੀ ਵਿਕਾਸ ਯਕੀਨੀ ਬਨਾਉਣ ਤੋਂ ਇਲਾਵਾ ਲਾਲ ਫੀਤਾਸ਼ਾਹੀ ਨੂੰ ਖਤਮ ਕੀਤਾ ਹੈ ਅਤੇ ਸੂਬੇ ਦੇ ਵਸੀਲਿਆਂ ਦੀ ਲੁੱਟ ਨੂੰ ਰੋਕਿਆ ਹੈ ਜਿਸ ਦੀ ਅਕਾਲੀਆਂ ਦੇ ਰਾਜ ਵਿੱਚ ਬੁਰੀ ਤਰਾਂ ਲੁੱਟ ਕੀਤੀ ਜਾ ਰਹੀ ਸੀ। ਉਨਾਂ ਨੇ ਪੰਜਾਬ ਵਿੱਚ ਕੋਈ ਵੀ ਕਰਜ਼ਾ ਮੁਆਫ ਨਾ ਹੋਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲਾਏ ਗਏ ਦੋਸ਼ਾਂ ਦੀ ਵੀ ਤਿੱਖੀ ਆਲੋਚਨਾ ਕੀਤੀ।

                ਮੰਤਰੀ ਨੇ ਉਨਾਂ ਯੋਗ ਲਾਭਪਾਤਰੀਆਂ ਦੇ ਕੇਸ ਮੁੜ ਵਿਚਾਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਹੈ ਜੋ ਕੁਝ ਤਕਨੀਕੀ ਕਾਰਨਾਂ ਕਰਕੇ ਕਰਜ਼ਾ ਰਾਹਤ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਹਨ। ਉਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਾਲਵਾ ਖਿੱਤੇ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਸਰਵੇ ਲਈ ਦਿਸ਼ਾ ਨਿਰਦੇਸ਼ ਜ਼ਾਰੀ ਕਰਨ ਕਿਉਂਕਿ ਇਸ ਖਿੱਤਿਆਂ ਵਿੱਚ ਦੋਆਬਾ ਅਤੇ ਮਾਝਾ ਦੇ ਮੁਕਾਬਲੇ ਖੁਦਕੁਸ਼ੀਆਂ ਦੀ ਦਰ ਜ਼ਿਆਦਾ ਹੈ।

                ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਛੇਤੀਂ ਹੀ ਨਿਯਮਾਂ ਵਿੱਚ ਸੋਧ ਕਰੇਗੀ ਤਾਂ ਜੋ ਸਮਾਜ ਦੇ ਕਮਜ਼ੋਰ ਵਰਗ ਲਗਾਤਾਰ 250 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਾਪਤ ਕਰਨ ਦੇ ਯੋਗ ਹੋ ਸਕਣ। ਸਿਰਫ ਇਸ ਤੋਂ ਉਪਰਲੀਆਂ ਯੂਨਿਟਾਂ ਦੇ ਖਪਤਕਾਰਾਂ ਤੋਂ ਪੈਸੇ ਲਏ ਜਾਣਗੇ। ਉਨਾਂ ਕਿਹਾ ਕਿ ਮੰਤਰੀ ਮੰਡਲ ਦੀ ਮੀਟਿੰਗ ਛੇਤੀ ਹੀ ਹੋਵੇਗੀ ਅਤੇ ਇਸ ਬਾਰੇ ਰਸਮੀ ਫੈਸਲਾ ਲੈ ਲਿਆ ਜਾਵੇਗਾ। ਉਨਾਂ ਕਿਹਾ ਕਿ ਇਸ ਸ਼੍ਰੋਣੀ ਹੇਠਲੇ ਲਾਭਪਾਤਰੀਆਂ ਨੂੰ 250 ਯੂਨਿਟ ਪ੍ਰਤੀ ਮਹੀਨਾ ਬਿਲਕੁਲ ਮੁਫ਼ਤ ਹਨ ਅਤੇ ਉਨਾਂ ਨੂੰ ਇਸ ਦਾ ਭੁਗਤਾਨ ਕਰਨ ਲਈ ਜ਼ਰੂਰਤ ਨਹੀ ਹੈ।

                ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਕਰਜ਼ੇ ਮੁਆਫੀ ਸਕੀਮ ਦੀ ਸਫਲਤਾਂ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੇ ਸੂਬਿਆਂ ਨੂੰ ਵੀ ਅਜਿਹੇ ਪ੍ਰੋਗਰਾਮ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ ਹੈ। ਜਾਖੜ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੂੰ ਸਮਝਦਾਰੀ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨਾਂ ਨੇ ਝੂਠੇ ਵਾਅਦੇ ਕਰਨ ਲਈ ਮੋਦੀ ਸਰਕਾਰ ਦੀ ਵੱਖ-ਵੱਖ ਮੁੱਦਿਆਂ ’ਤੇ ਤਿੱਖੀ ਆਲੋਚਨਾ ਕੀਤੀ। ਉਨਾਂ ਨੇ ਬਹਿਬਲ ਕਲਾਂ ਗੋਲੀਬਾਰੀ ਦੀ ਘਟਨਾ ਵਿਰੁੱਧ ਵੀ ਸਖਤ ਕਾਰਵਾਈ ਦੀ ਵੀ ਮੰਗ ਕੀਤੀ। ਉਨਾਂ ਕਿਹਾ ਕਿ ਐਸ.ਐਸ.ਪੀ ਚਰਨਜੀਤ ਸ਼ਰਮਾਂ ਤਾਂ ਸਿਰਫ ਇਕ ਮੋਹਰਾ ਹੀ ਹੈ।

                ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਾਬਕਾ ਮੰਤਰੀ ਚਿਰੰਜੀਲਾਲ ਗਰਗ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।


EDITED BY : SARA YAHA | | Last Updated : 8:00 pm 28 ਜਨਵਰੀ  2019

LEAVE A REPLY

Please enter your comment!
Please enter your name here