

ਗੁਰਦਾਸਪੁਰ: ਬੀਤੇ ਦਿਨ ਬਟਾਲਾ ਵਿੱਚ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਵਿੱਚ ਕੁੱਲ 23 ਲੋਕ ਮਾਰੇ ਗਏ। ਇਨ੍ਹਾਂ ਵਿੱਚੋਂ 7 ਜਣੇ ਫੈਕਟਰੀ ਮਾਲਕ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ। ਪੁਲਿਸ ਨੇ ਅੱਜ ਇਸ ਮਾਮਲੇ ਸਬੰਧੀ FIR ਦਰਜ ਕਰ ਲਈ ਹੈ। ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਵੀ ਪੀੜਤਾਂ ਦਾ ਹਾਲ ਜਾਣਨ ਲਈ ਪੁੱਜੇ। ਉਨ੍ਹਾਂ ਦੇ ਪੀਏ ਗੁਰਪ੍ਰੀਤ ਸਿੰਘ ਪਲਹੇੜੀ ਨੇ ਕਿਹਾ ਕਿ ਇਸ ਵੇਲੇ ਮੌਕੇ ‘ਤੇ ਜਾਇਜ਼ਾ ਲੈਣ ਦਾ ਮਾਹੌਲ ਨਹੀਂ। ਇਸ ਕਾਰਨ ਸੰਨੀ ਦਿਓਲ ਹਸਪਤਾਲ ਤੋਂ ਹੀ ਆਪਣੀ ਅਗਲੀ ਮੰਜ਼ਿਲ ਵੱਲ ਜਾ ਰਹੇ ਹਨ, ਉਹ ਘਟਨਾ ਵਾਲੀ ਥਾਂ ‘ਤੇ ਨਹੀਂ ਜਾਉਣਗੇ।
ਇਸ ਬਾਰੇ ਐਸਐਸਪੀ ਬਟਾਲਾ ਨੇ ਪੁਸ਼ਟੀ ਕੀਤੀ ਕਿ ਫੈਕਟਰੀ ਮਾਲਕ ਦੇ ਪਰਿਵਾਰ ਦੇ 7 ਮੈਂਬਰ ਧਮਾਕੇ ਵਿੱਚ ਮਾਰੇ ਗਏ ਹਨ। ਗੁਰਦਾਸਪੁਰ ਦੇ DC ਨੇ ਦੱਸਿਆ ਕੇ ਰਾਹਤ ਕਾਰਜ ਹਾਲੇ ਤਕ ਜਾਰੀ ਹਨ। ਮ੍ਰਿਤਕਾਂ ਦੇ ਪੋਸਟ ਮਾਰਟਮ ਕਰਵਾਏ ਜਾ ਰਹੇ ਹਨ। ਹੁਣ ਤਕ 21 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਦੇ ਸਸਕਾਰ ਕਰਵਾਏ ਜਾ ਰਹੇ ਹਨ। ਹਸਪਤਾਲ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਹੈ ਜਿਨ੍ਹਾਂ ‘ਚ ਚਾਰ ਫੈਕਟਰੀ ਮਾਲਕ ਵੀ ਸ਼ਾਮਲ ਹਨ।
ਕੱਲ੍ਹ ਤੋਂ ਜਾਰੀ ਰਾਹਤ ਕਾਰਜ ਸਵੇਰੇ ਪੂਰਾ ਹੋ ਗਿਆ ਹੈ ਅਤੇ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ‘ਤੇ ਮੌਜੂਦ ਹੈ। ਫੋਰੈਂਸਿਕ ਟੀਮ ਮਲਬੇ ਦੀ ਵੀ ਜਾਂਚ ਕਰੇਗੀ। ਦੱਸ ਦੇਈਏ ਬੀਤੇ ਦਿਨ ਸ਼ਾਮ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ‘ਚ ਇੱਕ ਪਟਾਖਾ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਇਆ ਜਿਸ ‘ਚ 23 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਮ੍ਰਿਤਕਾਂ ‘ਚ ਵਧੇਰੇ ਗਿਣਤੀ ਮਜ਼ਦੂਰਾਂ ਦੀ ਹੈ।























