ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਹੋਵੇਗੀ ਸਕੂਲ ਦੀ ਮਾਨਤਾ ਰੱਦ

0
105

ਮਾਨਸਾ, 03 ਦਸੰਬਰ (ਬਲਜੀਤ ਸ਼ਰਮਾ)  : ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਆਰ.ਟੀ.ਈ. (ਰਾਈਟ ਟੂ ਐਜੂਕੇਸ਼ਨ) ਐਕਟ 2009 ਅਧੀਨ ਸਾਲ 2018-19 ਲਈ ਮਾਨਤਾ ਜਾਰੀ ਰੱਖਣ ਸਬੰਧੀ ਹਰ ਪ੍ਰਾਈਵੇਟ ਸਕੂਲ ਵੱਲੋਂ ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਅਪ੍ਰੈਲ ਮਹੀਨੇ ਵਿੱਚ ਜਮ੍ਹਾ ਕਰਵਾਉਣੇ ਹੁੰਦੇ ਹਨ।  ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 178 ਪ੍ਰਾਈਵੇਟ ਸਕੂਲ ਹਨ ਅਤੇ 66 ਪ੍ਰਾਈਵੇਟ ਸਕੂਲਾਂ ਵੱਲੋਂ ਇਹ ਸਰਟੀਫਿਕੇਟ ਜਮ੍ਹਾ ਨਹੀਂ ਕਰਵਾਏ ਗਏ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਉਕਤ ਦੋਨੋਂ ਸਰਟੀਫਿਕੇਟਾਂ ਉਪਰ ਸਬੰਧਤ ਵਿਭਾਗ ਸੈਸ਼ਨ ਅੰਕਿਤ ਕੀਤਾ ਹੁੰਦਾ ਹੈ ਅਤੇ ਸਰਟੀਫਿਕੇਟ ਉਪਰ 31 ਮਾਰਚ 2019 ਤੱਕ ਦਰਜ ਹੁੰਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਕੂਲ ਦਾ ਫਰਜ਼ ਬਣਦਾ ਹੈ ਕਿ ਹਰ ਅਪ੍ਰੈਲ ਮਹੀਨੇ ਦੌਰਾਨ ਅਗਲੇ ਵਰ੍ਹੇ ਲਈ ਸਰਟੀਫਿਕੇਟ ਲਈ ਅਪਲਾਈ ਕੀਤਾ ਜਾਵੇ ਅਤੇ ਸਮੇਂ ਸਿਰ ਸਰਟੀਫਿਕੇਟ ਜ਼ਿਲ੍ਹਾ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾਣ, ਪ੍ਰੰਤੂ ਸਕੂਲ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਜੋ ਕਿ ਨਿਯਮਾਂ ਦੀ ਉਲੰਘਣਾ ਹੈ।  ਉਨ੍ਹਾਂ ਕਿਹਾ ਕਿ ਅਜਿਹੇ ਸਕੂਲਾਂ ਨੂੰ ਪੈਂਡਿੰਗ ਮਾਨਤਾ ਵਰਗ ਵਿੱਚ ਰੱਖਦੇ ਹੋਏ ਲਿਖਤੀ ਸਪੱਸ਼ਟੀਕਰਨ ਦੇਣ ਸਬੰਧੀ ਹਦਾਇਤ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਟੀਫਿਕੇਟ ਜ਼ਿਲ੍ਹਾ ਦਫ਼ਤਰ ਸਰਵ ਸਿੱਖਿਆ ਅਭਿਆਨ, ਕਮਰਾ ਨੰਬਰ 55 ਦੂਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 31 ਦਸੰਬਰ 2018 ਤੱਕ ਪੁੱਜਦੇ ਕੀਤੇ ਜਾਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਕੂਲ ਵਿਰੁੱਧ ਆਰ.ਟੀ.ਈ. ਐਕਟ 2009 ਦੀ ਧਾਰਾ 19 (5) ਅਨੁਸਾਰ ਮਾਨਤਾ ਰੱਦ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਪਿਛਲੇ ਸਾਲ 2017-18 ਦੀ ਮਾਨਤਾ ਦੀ ਕਾਪੀ ਵੀ ਇਸ ਦਫ਼ਤਰ ਨੂੰ ਜਮ੍ਹਾਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫਾਇਰ ਸੇਫਟੀ ਸਰਟੀਫਿਕੇਟ ਦਫ਼ਤਰ ਫਾਇਰ ਅਫ਼ਸਰ ਮਾਨਸਾ/ਸਰਦੂਲਗੜ੍ਹ ਅਤੇ ਬਿਲਡਿੰਗ ਸਰਟੀਫਿਕੇਟ ਦਫ਼ਤਰ ਕਾਰਜਕਾਰੀ ਇੰਜੀਨਿਅਰ, ਪ੍ਰਾਂਤਕ ਮੰਡਲ ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ, ਮਾਨਸਾ (ਫੋਨ ਨੰਬਰ 01652-232119) ਨਾਲ ਸੰਪਰਕ ਕੀਤਾ ਜਾਵੇ।
ਸ਼੍ਰੀਮਤੀ ਰਾਜਿੰਦਰ ਕੌਰ ਨੇ ਕਿਹਾ ਕਿ ਇਹ ਦੋਵੇਂ ਸਰਟੀਫਿਕੇਟ ਪ੍ਰਾਪਤ ਹੋਣ ‘ਤੇ ਦਫ਼ਤਰ ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਮਾਨਸਾ, ਕਮਰਾ ਨੰਬਰ 55, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾਂ ਮਾਨਸਾ ਵਿਖੇ ਜਮ੍ਹਾ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਫੋਨ ਨੰਬਰ 01652-232606 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਸਕੂਲ ਬਿਨ੍ਹਾਂ ਮਾਨਤਾ ਦੇ ਚੱਲ ਰਿਹਾ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਸਿੱਖਿਆ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ।


EDITED BY : SARA YAHA | | Last Updated :7:23 PM 3  ਦਸੰਬਰ  2018

LEAVE A REPLY

Please enter your comment!
Please enter your name here