

ਬੁਢਲਾਡਾ 2 ਨਵੰਬਰ (ਸਾਰਾ ਯਹਾਂ/ ਅਮਨ ਮੇਹਤਾ) : ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਨੇ ਦੱਸਿਆ ਕਿ ਆਪਰੇਟਰਾਂ ਵੱਲੋਂ ਫ਼ਰਦ ਕੇਂਦਰ ਦੇ ਕੰਮ ਨਾਲ ਨਾਲ ਇਲੈਕਸ਼ਨ ਡਿਪਾਰਟਮੈਂਟ, ਕੋਵਿਡ-19, ਡਿਜ਼ੀਟਲ ਕ੍ਰਾਪ ਸਰਵੇ, ਹੜ੍ਹਾਂ ਅਤੇ ਕੁਦਰਤੀ ਆਫਤਾਂ ਦੌਰਾਨ ਫਸਲਾਂ ਦਾ ਖਰਾਬਾ, ਤਤਿਮਾ ਮੁਸਾਵੀਆਂ ਆਦਿ ਸਮੇਤ ਅਨੇਕਾਂ ਸਰਕਾਰੀ ਕੰਮ ਬਿਨਾਂ ਕਿਸੇ ਦੇਰੀ ਤੋਂ, ਇੱਥੋਂ ਤੱਕ ਕਿ ਸ਼ਨੀਵਾਰ ਅਤੇ ਐਤਵਾਰ ਵਰਗੇ ਦਿਨਾਂ ਵਿੱਚ ਵੀ, ਪੂਰੀ ਤਨਦੇਹੀ ਨਾਲ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਕਰੀਬ 900 ਆਪਰੇਟਰ ਪਿਛਲੇ 15 ਤੋਂ 17 ਸਾਲਾਂ ਤੋਂ ਬਹੁਤ ਸਖ਼ਤ ਮੇਹਨਤ ਨਾਲ ਭੂ-ਰਿਕਾਰਡ ਨੂੰ ਆਨਲਾਈਨ ਕਰਦੇ ਹੋਏ ਕਿਸਾਨਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਰੇਟਰਾਂ ਨੂੰ ਪ੍ਰਾਈਵੇਟ ਕੰਪਨੀ CMS ਰਾਹੀਂ ਭਰਤੀ ਕੀਤਾ ਗਿਆ ਸੀ, ਜਿਸ ਨੇ ਸ਼ੁਰੂਆਤ ਵਿੱਚ ਸਿਰਫ਼ 2270 ਰੁਪਏ ਮਾਸਿਕ ਤਨਖਾਹ ਦਿੱਤੀ ਅਤੇ ਹੁਣ ਕੇਵਲ 8500 ਤੋਂ 9000 ਰੁਪਏ ਤਕ ਤਨਖਾਹ ਦੇ ਕੇ ਸਾਫ਼-ਸਾਫ਼ ਸ਼ੋਸ਼ਣ ਕੀਤਾ ਜਾ ਰਿਹਾ ਹੈ।ਆਪਰੇਟਰਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਵੱਡੇ ਕੋਆਪਰੇਟਿਵ ਘਰਾਣਿਆਂ ਨਾਲ ਮਿਲ ਕੇ ਸੀਐਮਐਸ ਰਾਹੀਂ ਉਨ੍ਹਾਂ ਨੂੰ ਨਿਘੁਣੀਆਂ ਤਨਖਾਹਾਂ ‘ਤੇ ਰੱਖ ਕੇ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕੀਤਾ। ਉਹਨਾਂ ਕਿਹਾ ਕਿ ਵਰਤਮਾਨ ਸਰਕਾਰ ਨੂੰ ਇਸ ਲਈ ਮਜ਼ਬੂਤ ਕੀਤਾ ਸੀ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦੇ ਭਵਿੱਖ ਬਾਰੇ ਸੋਚੇਗੀ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਵੱਖ-ਵੱਖ ਵਿਭਾਗਾਂ, ਕੋਆਪਰੇਟਿਵ ਸੋਸਾਇਟੀਆਂ ਜਾਂ ਆਉਟਸੋਰਸ ਰਾਹੀਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਆਉਣ ਉਪਰੰਤ ਡਿਪਾਰਟਮੈਂਟ ਰਾਹੀਂ ਨਿਯਮਤ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇਗਾ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਅਜਿਹਾ ਅਜੇ ਤੱਕ ਨਹੀਂ ਕੀਤਾ ਗਿਆ।ਆਪਰੇਟਰਾਂ ਵਲੋਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਨੂੰ ਉਹਨਾਂ ਦੇ ਹੱਕ ਨਾ ਦਿੱਤੇ ਤਾ ਮਿਤੀ 3 ਦਸੰਬਰ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2:00 ਵਜੇ ਅਤੇ 4 ਦਸੰਬਰ ਨੂੰ ਰੋਸ ਵਜੋਂ ਅੱਧੇ ਦਿਨ ਦੀ ਕਲਮ-ਛੋਡ ਹੜਤਾਲ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦੀ ਨਵੀਂ ਰੂਪ-ਰੇਖਾ ਤਿਆਰ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੋਕੇ ਜਿਲਾ ਪ੍ਰਧਾਨ ਹਰਦੀਪ ਸਿੰਘ ਚਕੇਰੀਆ , ਮੀਤ ਪ੍ਰਧਾਨ ਕਰਮਜੀਤ ਸਿੰਘ ਭੀਖੀ , ਜਿਲਾ ਸਕੱਤਰ ਸੇਵਕ ਸਿੰਘ ਜੋਗਾ ਮੀਤ ਸਕੱਤਰ ਕੁਲਦੀਪ ਸਿੰਘ ਗਾਮੀਵਾਲਾ ਜਿਲਾ ਪ੍ਰੈਸ ਸਕੱਤਰ ਮੰਗਾ ਰਾਮ ਸਰਦੁਲਗੜ ਜਿਲਾ ਖਜਾਨਚੀ ਰਾਜੇਸ਼ ਕੁਮਾਰ ਮਾਨਸਾ ਕਰਮਜੀਤ ਸਿੰਘ ਸੁਪਰਵਾਇਜਰ ਬੁਢਲਾਡਾ , ਜੋਨੀ ਬਜਾਜ, ਨਿਰਮਲ ਸਿੰਘ, ਬਲਕਰਨ ਸਿੰਘ, ਸੰਦੀਪ ਸਿੰਘ, ਮੋਹਨ ਸਿੰਘ ਫਰਦ ਕੇਦਰ ਬੁਢਲਾਡਾ ਦੇ ਉਪਰੇਟਰ ਹਾਜ਼ਰ ਸਨ।























