

ਚੰਡੀਗੜ੍ਹ (ਸਾਰਾ ਯਹਾ) : ਪੰਜ ਸਿੰਘ ਸਾਹਿਬਾਨ ਵੱਲੋਂ ਪੰਥ ਵਿੱਚੋਂ ਛੇਕੇ ਗਏ ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ਨੇ ਜਥੇਦਾਰਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ। ਸ੍ਰੀ ਅਕਾਲ ਤਖਤ ਵੱਲੋਂ ਕੀਤੇ ਫੈਸਲੇ ’ਤੇ ਬਾਰੇ ਨੇਕੀ ਨੇ ਆਖਿਆ ਹੈ ਕਿ ਉਨ੍ਹਾਂ ਨੇ ਜਥੇਦਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਨਿਊਜ਼ੀਲੈਂਡ ਆਉਣ ਤੇ ਉਸ ਦੇ ਰੇਡੀਓ ’ਤੇ ਇਸ ਮੁੱਦੇ ਬਾਰੇ ਉਸ ਨਾਲ ਬਹਿਸ ਕਰਨ।
ਨੇਕੀ ਨੇ ਕਿਹਾ ਕਿ ਜਥੇਦਾਰ ਆਪਣਾ ਪੱਖ ਰੱਖਣ, ਉਹ ਆਪਣੀ ਗੱਲ ਰੱਖਣਗੇ ਤੇ ਸੰਗਤਾਂ ਖੁਦ ਤੈਅ ਕਰਨਗੀਆਂ ਕਿ ਕੌਣ ਠੀਕ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਹੈ। ਇਸ ਲਈ ਉਨ੍ਹਾਂ ਸਿੱਖ ਧਰਮ ਬਾਰੇ ਕਦੇ ਵੀ ਗਲਤ ਨਹੀਂ ਬੋਲਿਆ ਸਗੋਂ ਪੰਥ ਵਿੱਚ ਪੈਦਾ ਹੋਈਆਂ ਬੁਰਾਈਆਂ ਖਿਲਾਫ ਆਵਾਜ਼ ਚੁੱਕੀ ਹੈ।
ਯਾਦ ਰਹੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਫ਼ੈਸਲੇ ਵਿੱਚ ਆਖਿਆ ਗਿਆ ਹੈ ਕਿ ਹਰਨੇਕ ਸਿੰਘ ਵੱਲੋਂ ਨਿਊਜ਼ੀਲੈਂਡ ਵਿੱਚ ਵਿਰਸਾ ਨਾਂ ਦਾ ਰੇਡੀਓ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਉਹ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਇਨ੍ਹਾਂ ਦੋਸ਼ਾਂ ਹੇਠ ਹੀ ਉਸ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ। ਉਸ ਨੂੰ ਤਿੰਨ ਵਾਰ ਸਪੱਸ਼ਟੀਕਰਨ ਦੇਣ ਲਈ ਮੌਕਾ ਦਿੱਤਾ ਗਿਆ ਪਰ ਉਹ ਆਪਣੀ ਹਊਮੈ ਕਾਰਨ ਇਥੇ ਪੇਸ਼ ਨਹੀਂ ਹੋਇਆ।
ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਉਪਰੰਤ ਉਸ ਨੂੰ ਖਾਲਸਾ ਪੰਥ ਵਿੱਚੋਂ ਛੇਕਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਕਿ ਇਸ ਵਿਅਕਤੀ ਨਾਲ ਧਾਰਮਿਕ, ਸਿਆਸੀ, ਸਮਾਜਿਕ ਆਦਿ ਕਿਸੇ ਵੀ ਕਿਸਮ ਦਾ ਸਬੰਧ ਨਾ ਰੱਖਿਆ ਜਾਵੇ। ਇਸ ਤੋਂ ਪਹਿਲਾਂ ਮੁਤਵਾਜ਼ੀ ਜਥੇਦਾਰਾਂ ਵੱਲੋਂ ਵੀ ਹਰਨੇਕ ਸਿੰਘ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕੀਤਾ ਜਾ ਚੁੱਕਾ ਹੈ।
EDITED BY : SARA YAHA | | Last Updated :15 June 2018























