ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ 80ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਯਾਦਗਾਰ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ

0
18

ਚੰਡੀਗੜ੍ਹ/ਸੰਗਰੂਰ, (ਸਾਰਾ ਯਹਾ,(ਬਲਜੀਤ ਸ਼ਰਮਾ) 31 ਜੁਲਾਈ:ਪੰਜਾਬ ਸਰਕਾਰ ਵੱਲੋਂ ਸੁਨਾਮ-ਬਠਿੰਡਾ ਹਾਈਵੇ ‘ਤੇ ਕਰੀਬ 4 ਏਕੜ ਰਕਬੇ ਵਿੱਚ ਬਣਾਈ ਜਾਣ ਵਾਲੀ ਸ਼ਹੀਦ ਊਧਮ ਸਿੰਘ ਯਾਦਗਾਰ ਦੇ ਉਸਾਰੀ ਕਾਰਜਾਂ ਦੀ ਰਸ ਮੀ ਤੌਰ ‘ਤੇ ਸ਼ੁਰੂਆਤ ਕਰਵਾਉਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਯਾਦਗਾਰ ਇੱਕ ਵਰ੍ਹੇ ਦੇ ਅੰਦਰ-ਅੰਦਰ ਮੁਕੰਮਲ ਹੋਵੇਗੀ। ਅੱਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਸ਼ਹੀਦ ਊਧਮ ਸਿੰਘ ਦੇ 80ਵੇਂ ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਰਾਜ ਪੱਧਰੀ ਸ਼ਰਧਾਂਜਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਮਹਾਨ ਸ਼ਹਾਦਤ ਪ੍ਰਤੀ ਨਤਮਸਤਕ ਹੁੰਦੇ ਹੋਏ ਕਰੀਬ 2.64 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਜਾਣ ਵਾਲੀ ਸ਼ਹੀਦੀ ਯਾਦਗਾਰ ਦੀ ਰੂਪ ਰੇਖਾ ਤੇ ਡਿਜ਼ਾਇਨ ਚੀਫ਼ ਆਰਕੀਟੈਕਟ ਪੰਜਾਬ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਸ਼ਹੀਦ ਊਧਮ ਸਿੰਘ ਜੀ ਦੀ ਪ੍ਰਤਿਮਾ, ਓਪਨ ਏਅਰ ਥੀਏਟਰ, ਲੈਂਡਸਕੇਪਿੰਗ, ਚਾਰਦੀਵਾਰੀ ਸਮੇਤ ਹੋਰ ਆਧੁਨਿਕ ਸੁਵਿਧਾਵਾਂ ਉਪਲਬਧ ਹੋਣਗੀਆਂ।

         ਇਸ ਉਪਰੰਤ ਨਵੀਂ ਅਨਾਜ ਮੰਡੀ ਵਿਖੇ ਆਯੋਜਿਤ ਰਾਜ ਪੱਧਰੀ ਸ਼ਰਧਾਂਜਲੀ ਸਮਾਰੋਹ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਚੰਨੀ ਨੇ ਕਿਹਾ ਕਿ ਦੇਸ਼, ਕੌਮ, ਗਰੀਬਾਂ, ਮਜਲੂਮ ਲੋਕ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਕੁਰਬਾਨੀ  ਨੂੰ ਕਦੇ ਭੁਲਾਇਆ ਨਹੀ ਜਾ ਸਕਦਾ ਅਤੇ ਲੋਕ ਅਜਿਹੇ ਦੇਸ਼ ਭਗਤਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਰਮਿਆਂ ਨੇ ਦੇਸ਼ ਦੀ ਅਜ਼ਾਦੀ ਲਈ ਸ਼ਹਾਦਤਾਂ ਦਿੱਤੀਆਂ ਅਤੇ ਅਜ਼ਾਦੀ ਦਾ ਮੁੱਢ ਬੰਨ੍ਹਿਆ ਉਨ੍ਹਾਂ ਦੇਸ਼ ਭਗਤਾਂ ਅਤੇ ਸੂਰਮਿਆਂ ਨੂੰ ਸਦੀਵੀ ਯਾਦ ਰੱਖਿਆ ਜਾਵੇਗਾ। ਕੈਬਨਿਟ ਮੰਤਰੀ ਸ੍ਰੀ ਚੰਨੀ ਨੇ ਸ਼ਹੀਦ ਊਧਮ ਸਿੰਘ ਜੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਭੇਂਟ ਕਰਦਿਆਂ ਕਿਹਾ ਕਿ ਉਹ ਸੁਨਾਮ ਦੀ ਇਸ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦੇ ਹਨ, ਜਿਥੇ ਦੇਸ਼ ਦੀ ਅਜ਼ਾਦੀ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਯੋਧੇ ਨੇ ਜਨਮ ਲਿਆ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਕ੍ਰਾਂਤੀਕਾਰੀ ਤੇ ਅਗਾਂਹਵਧੂ ਸੋਚ ਦੇ ਮਾਲਕ ਸਨ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਅੰਗਰੇਜ਼ ਹਕੂਮਤ ਨਾਲ ਲੋਹਾ ਲੈਂਦਿਆ ਸ਼ਹਾਦਤ ਦਿੱਤੀ।

         ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਰਾਜਸੀ ਲਾਹਾ ਲੈਣ ਲਈ ਅਨੇਕਾਂ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਸੂਬੇ ਦੀ ਆਰਥਿਕ ਸਥਿਤੀ ਨੂੰ ਖਰਾਬ ਕੀਤਾ ਅਤੇ ਕਿਸੇ ਵੀ ਕਾਰਜ਼ ਨੂੰ ਨੇਪਰੇ ਨਹੀ ਚੜਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਨੂੰ ਆਰਥਿਕ ਸੰਕਟ ਵਿੱਚੋਂ ਕੱਂਢ ਕੇ ਸੁਮੱਚੇ ਵਿਕਾਸ ਕਾਰਜਾਂ ਨੂੰ ਲੀਹ ‘ਤੇ ਲਿਆਂਦਾ ਹੈ ਅਤੇ ਆਰਥਿਕ ਪੱਖੋਂ ਰਾਜ ਦੇ ਵਿਕਾਸ ਕਾਰਜ਼ਾਂ ਅੰਦਰ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।

         ਸਮਾਗਮ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਜਿੰਦਰ ਸਿੰਘ ਰਾਜਾ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਕੇ ਮਹਾਨ ਸ਼ਹੀਦਾਂ ਦੀ ਦੇਣ ਨੂੰ ਹਮੇਸ਼ਾਂ ਸਿਜਦਾ ਕਰਨ ਦੀ ਜ਼ਰੂਰਤ ਹੈ।

         ਇਸ ਉਪਰੰਤ ਪੰਜਾਬ ਕਾਂਗਰਸ ਦੇ ਬੁਲਾਰਾ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਦਾਮਨ ਥਿੰਦ ਬਾਜਵਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਹੀਦ ਊਧਮ ਸਿੰਘ ਜੀ ਦੀ ਯਾਦਗਾਰ ਦੇ ਉਸਾਰੀ ਕਾਰਜ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਚੰਨੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਨਾਮ ਵਾਸੀਆਂ ਨੂੰ ਮਾਣ ਹੈ ਕਿ ਉਹ ਸ਼ਹੀਦ ਊਧਮ ਸਿੰਘ ਜੀ ਵਰਗੇ ਮਹਾਨ ਸੂਰਮੇ ਦੇ ਸ਼ਹਿਰ ਅਤੇ ਇਲਾਕੇ ਦੇ ਵਸਨੀਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੀ ਯਾਦ ‘ਚ ਸੁਨਾਮ ਵਿਖੇ ਯਾਦਗਾਰ ਦਾ ਕੰਮ ਸ਼ੁਰੂ ਕਰਵਾਉਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਇਸ ਯਾਦਗਾਰ ਦੇ ਬਣਨ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇਸ਼ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਹੋਣਗੀਆਂ।

         ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਚੰਨੀ ਵੱਲੋਂ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਵੀ ਅਦਾ ਕੀਤੀ ਗਈ। ਬਾਅਦ ਵਿੱਚ ਨਗਰ ਕੌਂਸਲ ਸੁਨਾਮ ਦੇ ਕਾਰਜਕਾਰੀ ਪ੍ਰਧਾਨ ਕੋਮਲ ਕਾਂਸਲ, ਘਨਸ਼ਿਆਮ ਕਾਂਸਲ ਸਮੇਤ ਹੋਰ ਸਮਾਜ ਸੇਵੀਆਂ ਵੱਲੋਂ ਮੁੱਖ ਮਹਿਮਾਨ ਸ਼੍ਰੀ ਚੰਨੀ ਨੂੰ ਸਨਮਾਨਿਤ ਕੀਤਾ ਗਿਆ।

         ਇਸ ਤੋਂ ਪਹਿਲਾ ਸ੍ਰੀ ਚੰਨੀ ਨੇ ਖੇਡ ਸਟੇਡੀਅਮ ਵਿਖੇ ਸਥਿਤ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਸਮਾਰਕ ਵਿਖੇ ਰੀਥ ਅਰਪਿਤ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇਸ ਦੌਰਾਨ ਲਾਈਨਜ਼ ਕਲੱਬ ਵੱਲੋਂ ਆਯੋਜਿਤ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ।

ਸਮਾਰੋਹ ਦੌਰਾਨ ਵਿਕਾਸ ਪ੍ਰਤਾਪ, ਪਿੰ੍ਰਸੀਪਲ ਸਕੱਤਰ ਸਭਿਆਚਾਰਕ ਮਾਮਲੇ ਵਿਭਾਗ, ਮਾਲਵਿੰਦਰ ਸਿੰਘ ਜੱਗੀ ਡਾਇਰੈਕਟਰ ਸਭਿਆਚਾਰਕ ਮਾਮਲੇ ਵਿਭਾਗ, ਮਾਸਟਰ ਅਜੈਬ ਸਿੰਘ ਰਟੌਲਾਂ ਸੀਨੀਅਰ ਆਗੂ, ਹਰਮਨ ਬਾਜਵਾ, ਬਲਵੰਤ ਸਿੰਘ ਸ਼ੇਰਗਿੱਲ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਸੁਨਾਮ ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰਾਂ ਤੇ ਪਿੰਡਾਂ ਦੇ ਵਸਨੀਕਾਂ ਵੱਲੋਂ ਸ਼ਹੀਦ ਊਧਮ ਸਿੰਘ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। 

LEAVE A REPLY

Please enter your comment!
Please enter your name here