

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਤੇ ਸ੍ਰੀ ਮੁਕਤਸਰ ਸਾਹਿਬ ਸਰਕਾਰੀ ਕਾਲਜ ਦੇ ਸਹਾਇਕ ਪ੍ਰੋਫੈਸਰ ਆਰਡੀ ਬਾਂਸਲ ਦੀ ਮੌਤ ਦੀ ਖ਼ਬਰ ਹੈ। ਆਰਡੀ ਬਾਂਸਲ ਯੂਨੀਵਰਸਿਟੀ ਦੇ ਮੁੱਖ ਮਹਿਮਾਨ ਘਰ ਵਿੱਚ ਆਪਣੀ ਪਤਨੀ ਨਾਲ ਠਹਿਰੇ ਹੋਏ ਸਨ ਤੇ ਕਮਰੇ ਦੀ ਬਾਲਕਨੀ ਤੋਂ ਹੇਠਾਂ ਡਿੱਗ ਗਏ।
ਉਨ੍ਹਾਂ ਨੂੰ ਤੁਰੰਤ ਪੀਜੀਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਕਰਾਰ ਦੇ ਦਿੱਤਾ। ਡਾਕਟਰਾਂ ਮੁਤਾਬਕ ਬਾਲਕਨੀ ‘ਚ ਖੜ੍ਹੇ ਹੋਣ ਸਮੇਂ ਉਨ੍ਹਾਂ ਦੇ ਦਿਲ ਦੀ ਧੜਕਨ ਰੁਕ ਗਈ ਤੇ ਉਹ ਹੇਠਾਂ ਜ਼ਮੀਨ ‘ਤੇ ਡਿੱਗ ਗਏ।
ਬਾਂਸਲ ਦੀ ਪਤਨੀ ਵੀ ਸਰਕਾਰੀ ਅਧਿਆਪਕਾ ਹੈ ਤੇ ਉਨ੍ਹਾਂ ਦਾ ਭਰਾ ਮੁਕਤਸਰ ਦਾ ਮਸ਼ਹੂਰ ਡਾਕਟਰ ਹੈ। ਉਨ੍ਹਾਂ ਦੀ ਮੌਤ ਕਾਰਨ ਸਰਕਾਰੀ ਕਾਲਜ ਮੁਕਤਸਰ ਨੇ ਸੋਮਵਾਰ ਨੂੰ ਤੈਅ ਕੀਤੀ ਸਹਾਇਕ ਪ੍ਰੋਫੈਸਰਾਂ ਦੀ ਇੰਟਰਵਿਊ ਨੂੰ ਰੱਦ ਕਰ ਦਿੱਤਾ ਹੈ। ਹੁਣ ਉਮੀਦਵਾਰਾਂ ਨੂੰ ਇੰਟਰਵਿਊ ਲਈ ਕਿਸੇ ਹੋਰ ਦਿਨ ਸੱਦਿਆ ਜਾਵੇਗਾ।
EDITED BY : SARA YAHA | | Last Updated : 7:48 pm 27 ਜਨਵਰੀ 2019























