

ਚੰਡੀਗੜ੍ਹ (ਸਾਰਾ ਯਹਾ) : ਪੰਜਾਬ ਵਿਚ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਸੂਬੇ ਵਿਚ 600 ਨਵੀਆਂ ਬੱਸਾਂ ਚਲਾਉਣ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਟ੍ਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਚੰਡੀਗੜ੍ਹ ਵਿਚ ਹੋਈ ਟ੍ਰਾਂਸਪੋਰਟ ਵਿਭਾਗ ਦੀ ਪਹਿਲੀ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ 300 ਬੱਸਾਂ ਪਨਬਸ ਦੀਆਂ, 30 ਵਾਲਵੋ ਬੱਸਾਂ ਅਤੇ 250 ਤੋਂ ਵੱਧ ਪੀ. ਆਰ. ਟੀ. ਸੀ. ਦੀਆਂ ਚਲਾਈਆਂ ਜਾਣਗੀਆਂ। ਅਰੁਣਾ ਚੌਧਰੀ ਨੇ ਕਿਹਾ ਕਿ ਦੋ ਮਹੀਨੇ ਤਕ ਨਵੀਆਂ ਬੱਸਾਂ ਚੱਲਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਪੰਜਾਬ ਵਿਚ ਹੁਣ ਨਿੱਜੀ ਅਤੇ ਸਰਕਾਰੀ ਬੱਸਾਂ ਵਿਚ ਜੀ. ਪੀ. ਐੱਸ. ਸਿਸਟਮ ਲਗਾਇਆ ਜਾਵੇਗਾ, ਜਿਸ ਨਾਲ ਨਿਰਧਾਰਤ ਰੂਟ ਅਤੇ ਬੱਸ ਸਟੈਂਡ ਸੇਵਾ ਦੇਣ ਜਾਂ ਨਾਂ ਦੇਣ ਦੀ ਜਾਣਕਾਰੀ ਵੀ ਤੁਰੰਤ ਮਿਲ ਸਕੇਗੀ। ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਟ੍ਰਾਂਸਪੋਰਟ ਨਿਯਮਾਂ ਨੂੰ ਹੋਰ ਵੀ ਸਖਤ ਕਰਨ ਜਾ ਰਹੀ ਹੈ ਅਤੇ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਕ ਨਿੱਜੀ ਬਸ ਲਈ ਹੁਣ ਸਿਰਫ ਇਕ ਹੀ ਪਰਮਿਟ ਹੋਵੇਗੀ। ਜਿਸ ਦੀ ਸਮੇਂ-ਸਮੇਂ ‘ਤੇ ਜਾਂਚ ਕੀਤੀ ਜਾਇਆ ਕਰੇਗੀ। ਇਸ ਬੈਠਕ ਵਿਚ ਟ੍ਰਾਂਸਪੋਰਟ ਮੰਤਰੀ ਨੇ ਆਰ.ਟੀ. ਓਜ਼ ਨੂੰ 30 ਮਈ ਤਕ ਬਕਾਇਆ ਟੈਕਸ ਇਕੱਠਾ ਕਰਨ ਦੇ ਵੀ ਹੁਕਮ ਦਿੱਤੇ। ਅਰੁਣਾ ਚੌਧਰੀ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਆਪਣੇ ਕੰਮ ਵਿਚ ਕੋਤਾਹੀ ਵਰਤਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
EDITED BY : SARA YAHA PUNJABI NEWS























