

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਨੂੰ ਵੇਖਦਿਆਂ ਦਸੰਬਰ ਤੋਂ ਫਰਵਰੀ ਤੱਕ ਕਈ ਰੇਲਾਂ ਲੁੜਕਾ ਦਿੱਤੀਆਂ ਗਈਆਂ ਹਨ। ਫ਼ਿਰੋਜ਼ਪੁਰ ਡਵੀਜ਼ਨ ਅਧੀਨ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 18 ਰੇਲਾਂ ਆਪਣੇ ਮਿੱਥੇ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਰੇਲਵੇ ਨੇ 14 ਰੇਲਾਂ ਦੇ ਚੱਕਰ ਘਟਾਉਂਦਿਆਂ 31 ਰੇਲਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਰੇਲਵੇ ਨੇ ਉਕਤ ਬਦਲਾਅ ਕੁਝ ਦਿਨਾਂ ਲਈ ਕੀਤੇ ਹਨ, ਪਰ ਇਸ ਨਾਲ ਯਾਤਰੀਆਂ ਨੂੰ ਕਾਫੀ ਦਿੱਕਤ ਪੇਸ਼ ਆਉਂਦੀ ਦਿਖਾਈ ਦੇ ਰਹੀ ਹੈ। ਯਾਤਰੀਆਂ ਨੇ ਕਿਹਾ ਕਿ ਰੇਲਾਂ ਬੰਦ ਹੋਣ ਜਾਂ ਰੂਟ ਛੋਟਾ ਹੋਣ ਕਰਕੇ ਠੰਢ ਵਿੱਚ ਸਫ਼ਰ ਦੌਰਾਨ ਬਹੁਤ ਮੁਸ਼ਕਲ ਆਏਗੀ।
ਪੋਹ ਦੇ ਦਸਤਕ ਦੇਣ ਤੋਂ ਪਹਿਲਾਂ ਸੰਘਣੀ ਧੁੰਦ ਨੇ ਕੁਝ ਦਿਨਾਂ ਤੋਂ ਰੇਲਾਂ ਦੀ ਗਤੀ ਘਟਾ ਦਿੱਤੀ ਹੈ। ਹੁਣ ਅਨੇਕਾਂ ਗੱਡੀਆਂ ਦੇ ਰੂਟ ਛੋਟੇ ਹੋਣ ਦੇ ਨਾਲ-ਨਾਲ 13 ਦਸਬਰ ਤੋਂ 15 ਫਰਵਰੀ ਕਈ ਰੇਲਾਂ ਬੰਦ ਹੋ ਰਹੀਆਂ ਹਨ। ਪਹਿਲਾਂ ਤੋਂ ਦੇਰੀ ਨਾਲ ਚੱਲਣ ਵਾਲੀਆਂ ਰੇਲਾਂ ਦੇ ਨਾਲ-ਨਾਲ 14 ਰੇਲਾਂ ਦੇ ਰੂਟ ਘੱਟ ਕਰਨ ਤੇ 31 ਰੇਲਾਂ ਠੱਪ ਕਰਨ ਦੀ ਪੁਸ਼ਟੀ ਕਰਦਿਆਂ ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 13 ਦਸੰਬਰ ਤੋ 15 ਫਰਵਰੀ ਤਕ ਇਹ ਬਦਲਾਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਧੁੰਦ ਵਿੱਚ ਰੇਲਾਂ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਰਦੀ ਦੇ ਪਹਿਲੇ ਦਿਨਾਂ ਵਿੱਚ ਹੀ ਲੁੜਕ ਰਹੀਆਂ ਰੇਲਾਂ ਦੀ ਗੱਲ ਕਰਦਿਆਂ ਯਾਤਰੀਆਂ ਨੇ ਕਿਹਾ ਕਿ ਇਸ ਬਦਲਾਅ ਨਾਲ ਸਫਰ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਰੇਲਾਂ ਦੀ ਗਤੀ ਘੱਟ ਹੋਣ ਕਰਕੇ ਮੰਜ਼ਲ ਤੱਕ ਪੁੱਜਣ ਲਈ ਵੀ ਜ਼ਿਆਦਾ ਸਮਾਂ ਲੱਗੇਗਾ। ਯਾਤਰੀਆਂ ਨੇ ਮੰਗ ਕੀਤੀ ਕਿ ਬੁਲਿਟ ਟਰੇਨਾਂ ਚਲਾਉਣ ਦੇ ਯਤਨਾਂ ਦੇ ਨਾਲ-ਨਾਲ ਭਾਰਤ ਸਰਕਾਰ ਨੂੰ ਸਰਦੀਆਂ ਵਿੱਚ ਯਾਤਰੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਾਉਣ ਵਾਲੀਆਂ ਰੇਲਾਂ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ।
EDITED BY : SARA YAHA | | Last Updated : 7:12 PM 12 ਦਸੰਬਰ 2018
























