

ਮਾਨਸਾ 4 ਅਗਸਤ(ਬਪਸ): ਪੰਜਾਬ ਕੌਨਵੈੰਟ ਸਕੂਲ ਝੁਨੀਰ ਵਿਖੇ ‘ਤੀਆਂ ਤੀਜ ਦੀਆਂ’ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਸਕੂਲ ਪ੍ਰਿਸੀਪਲ ਪੱਲਵੀ ਅਰੋੜਾ ਨੇ ਦੱਸਿਆ ਕਿ ਪੰਜਾਬੀ ਸਭਿਆਚਾਰ ਚ ਤੀਆਂ ਪੇਂਡੂ ਕੁੜੀਆਂ ਦਾ ਸਾਉਣ ਦੇ ਮਹੀਨੇ ਦਾ ਰਵਾਇਤੀ ਤਿਉਹਾਰ ਹੈ।ਅਜੋਕੇ ਪੱਛਮੀ ਸਭਿਆਚਾਰ ਦੇ ਦੌਰ ਚ ਜਿੱਥੇ ਸਾਡੇ ਤਿਉਹਾਰ ਖਤਮ ਹੁੰਦੇ ਜਾ ਰਹੇ ਹਨ ਉੱਥੇ ਹੀ ਸਾਡੀ ਹਮੇਸ਼ਾਂ ਇਹ ਪਹਿਲ ਰਹੀ ਹੈ ਕਿ ਅਸੀਂ ਇਨ੍ਹਾਂ ਤਿਉਹਾਰਾਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰੀਏ ਤਾਂ ਕਿ ਬੱਚਿਆਂ ਨੂੰ ਆਪਣੇ ਰੀਤੀ- ਰਿਵਾਜ ਅਤੇ ਤਿਉਹਾਰਾਂ ਬਾਰੇ ਪਤਾ ਲੱਗ ਸਕੇ। ਬੇਸ਼ੱਕ ਪੰਜਾਬ ਕੌਨਵੈੰਟ ਸਕੂਲ ਅੰਗਰੇਜ਼ੀ ਮੀਡੀਅਮ ਸਕੂਲ ਹੈ ਪਰ ਫਿਰ ਵੀ ਅਸੀਂ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਤੇ ਤਿਉਹਾਰਾਂ ਨੂੰ ਪਹਿਲ ਦਿੰਦੇ ਆ ਰਹੇ ਹਾਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲੀ ਲੜਕੀਆਂ ਵੱਲੋਂ “ਤੀਆਂ ਤੀਜ ਦੀਆਂ” ਤਿਉਹਾਰ ਬਹੁਤ ਹੀ ਉਤਸਾਹ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਸਕੂਲ ਦੀਆਂ ਲੜਕੀਆਂ ਨੇ ਗਿੱਧਾ, ਭੰਗੜਾ, ਲੋਕ ਬੋਲੀਆਂ ਤੇ ਵੱਖ ਵੱਖ ਪੰਜਾਬੀ ਗੀਤਾਂ ਆਦਿ ਤੇ ਖੂਬ ਧਮਾਲਾਂ ਪਾ ਕੇ ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾ ਦਿੱਤੇ।ਲੜਕੀਆਂ ਵੱਲੋਂ ਪੀਘਾਂ ਝੂਟੀਆ ਗਈਆਂ ਤੇ ਖੂਬ ਗਿੱਧਾ ਪਾਇਆ ਗਿਆ। ਇਸ ਮੌਕੇ ਸੁਮਨ ਅਰੋੜਾ , ਨੀਲਮ ਮਦਾਨ, ਸੁਖਪ੍ਰੀਤ ਕੌਰ, ਨਵਪ੍ਰੀਤ ਕੌਰ, ਕਮਲਪ੍ਰੀਤ ਕੌਰ ਸਮੂਹ ਵਿਦਿਆਰਥਣਾਂ ਤੇ ਸਟਾਫ ਆਦਿ ਹਾਜਰ ਸਨ।























