ਪੰਜਾਬ ਅੰਦਰ ਦੁਧਾਰੂ ਮੱਝਾਂ ਤੇ ਗਾਵਾਂ ਦੀ ਘਾਟ ਕਾਰਨ ਦੁੱਧ ਦੇ ਉਤਪਾਦਨ ‘ਚ ਆਈ ਕਮੀ

0
2

ਮਾਨਸਾ (ਸਾਰਾ ਯਹਾ) -ਪੰਜਾਬ ਅੰਦਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਮੇਂ-ਸਮੇਂ ‘ਤੇ ਸੂਬਾ ਸਰਕਾਰਾਂ ਵੱਲੋਂ ਖੇਤੀ ਨਾਲ ਸਹਾਇਕ ਧੰਦੇ ਪਸ਼ੂ ਪਾਲਣ, ਮੱਖੀ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ ਪ੍ਰਤੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਪਰ ਇਨ੍ਹਾਂ ਧੰਦਿਆਂ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰਾਂ ਵੱਲੋਂ ਕੋਈ ਠੋਸ ਨੀਤੀ ਨਾ ਬਣਾਉਣ ਸਦਕਾ ਇਹ ਖੇਤੀ ਦੇ ਧੰਦੇ ਵਾਂਗ ਇਕ-ਇਕ ਕਰ ਕੇ ਦਮ ਤੋੜਣ ਲੱਗੇ ਹਨ। ਜੇਕਰ ਪਸ਼ੂ ਪਾਲਣ ਦੇ ਧੰਦੇ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਅੰਦਰ ਦੁਧਾਰੂ ਮੱਝਾਂ ਤੇ ਗਾਵਾਂ ਦੀ ਘਾਟ ਕਾਰਨ ਦੁੱਧ ਦੇ ਉਤਪਾਦਨ ‘ਚ ਕਾਫੀ ਕਮੀ ਹੋ ਰਹੀ ਹੈ ਕਿਉਂਕਿ ਇਸ ਖੇਤਰ ਦਾ ਬਹੁਤਾ ਪਸ਼ੂ ਧਨ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਜਾਂ ਹੋਰਨਾਂ ਸੂਬਿਆਂ ਵਿਚ ਚਲਾ ਗਿਆ ਹੈ, ਜਿਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਦੁਧਾਰੂ ਪਸ਼ੂਆਂ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਣਾ ਤੇ ਇਹ ਧੰਦਾ ਲਾਗਤ ਦੇ ਮੁਕਾਬਲੇ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਲਾਹੇਵੰਦ ਨਹੀਂ ਸਾਬਤ ਹੋ ਰਿਹਾ। ਇਸ ਧੰਦੇ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸੂਬਾ ਸਰਕਾਰ ਨੂੰ ਠੋਸ ਨੀਤੀ ਕਾਇਮ ਕਰਨੀ ਚਾਹੀਦੀ ਹੈ।
ਦੁੱਧ ਘਟਣ ਦੇ ਬਾਵਜੂਦ ਮਾਰਕੀਟ ‘ਚ ਦੁੱਧ ਉਤਪਾਦਾਂ ਦੀ ਝੜੀ 
ਪਹਿਲਾਂ ਦੇ ਜ਼ਮਾਨੇ ਵਿਚ ਹਰ ਘਰ ਵਿਚ ਦੁੱਧ ਤੇ ਮੱਖਣ ਨੂੰ ਮੁੱਖ ਰੱਖਦਿਆਂ ਕਿਸਾਨਾਂ ਵੱਲੋਂ ਬੜੇ ਸ਼ੌਕ ਨਾਲ ਗਊਆਂ ਅਤੇ ਮੱਝਾਂ ਰੱਖੀਆਂ ਜਾਂਦੀਆਂ ਸਨ ਤੇ ਉਨ੍ਹਾਂ ਨੂੰ ਸਵੇਰੇ-ਸ਼ਾਮ ਨਜ਼ਦੀਕੀ ਛੱਪੜਾਂ ਵਿਚ ਨਹਾਉਣ ਲਈ ਲਿਜਾਇਆ ਜਾਂਦਾ ਸੀ ਤਾਂ ਕਿ ਪਸ਼ੂ ਤੰਦਰੁਸਤ ਰਹਿਣ ਅਤੇ ਦੁੱਧ ਨਾ ਘਟੇ ਪਰ ਅੱਜ ਪਿੰਡਾਂ ਦੇ ਛੱਪੜਾਂ ‘ਚ ਨਾ ਮਾਤਰ ਮੱਝਾਂ ਤੇ ਗਾਵਾਂ ਦਿਖਾਈ ਦਿੰਦੀਆਂ ਹਨ। ਇਸ ਵੇਲੇ ਗਰਮੀ ਦੀ ਰੁੱਤ ਹੋਣ ‘ਤੇ ਦੁੱਧ ਦਾ ਉਤਪਾਦਨ ਕਾਫੀ ਘਟਿਆ ਹੈ ਪਰ ਇਸ ਦੇ ਬਾਵਜੁਦ ਇਸ ਵੇਲੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ ਦਹੀਂ, ਮੱਖਣ, ਪਨੀਰ ਤੇ ਹੋਰ ਕਈ ਤਰ੍ਹਾਂ ਦੀਆ ਮਠਿਆਈਆਂ ਦੀ ਵੀ ਬਾਜ਼ਾਰ ਵਿਚ ਕਮੀ ਨਹੀਂ ਹੈ ਪਰ ਇਕ ਪਾਸੇ ਦੁੱਧ ਦੀ ਕਮੀ ਦਿਖਾਈ ਦੇ ਰਹੀ ਹੈ।
ਸਿੰਥੈਟਿਕ ਦੁੱਧ, ਮੱਖਣ, ਖੋਏ ਦੀ ਮਾਰਕੀਟ ‘ਚ ਭਰਮਾਰ, ਸਿਹਤ ਵਿਭਾਗ ਚੁੱਪ
ਪਿੰਡਾਂ ਤੇ ਸ਼ਹਿਰਾਂ ‘ਚ ਦੁੱਧ ਦਾ ਧੰਦਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਸਮੇਂ ਗੁਜਰਾਤ ਅਤੇ ਹੋਰਨਾਂ ਸੂਬਿਆਂ ‘ਚੋਂ ਆਉਣ ਵਾਲੇ ਸਿੰਥੈਟਿਕ ਦੁੱਧ, ਮੱਖਣ, ਖੋਏ ਦੀ ਮਾਰਕੀਟ ‘ਚ ਭਰਮਾਰ ਹੋਣ ਕਾਰਨ ਦੁੱਧ ਦੀ ਕੀਮਤ ਸਹੀ ਨਹੀਂ ਮਿਲ ਰਹੀ ਕਿਉਂਕਿ ਇਹ ਦੁੱਧ ਉਤਪਾਦਨ ਦੀਆਂ ਬਾਹਰੀ ਫੈਕਟਰੀਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਘੱਟ ਰੇਟ ‘ਤੇ ਆਸਾਨੀ ਨਾਲ ਮਿਲ ਜਾਂਦੀਆਂ ਹਨ, ਜਿਸ ਕਾਰਨ ਇਸ ਧੰਦੇ ਨੂੰ ਕਾਫੀ ਧੱਕਾ ਲੱਗ ਰਿਹਾ ਹੈ। ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਤੇ ਮੈਂਬਰ ਕੁਲਦੀਪ ਸਿੰਘ ਕੋਟੜਾ ਨੇ ਦੱਸਿਆ ਕਿ ਕੁਆਲਿਟੀ ਦੇ ਦੁੱਧ ਉਤਪਾਦਨ ‘ਤੇ 30 ਰੁਪਏ ਪ੍ਰਤੀ ਲਿਟਰ ਖਰਚਾ ਪੈ ਜਾਂਦਾ ਹੈ ਪਰ ਮਿਲਾਵਟੀ ਦੁੱਧ 23 ਤੋਂ 26 ਰੁਪਏ ਪ੍ਰਤੀ ਲਿਟਰ ਉਪਲਬਧ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹਾ ਧੰਦਾ ਕਰਨ ਵਾਲਿਆਂ ‘ਤੇ ਨਕੇਲ ਕੱਸੀ ਜਾਵੇ। ਇਸ ਕਾਰਵਾਈ ‘ਚ ਐਸੋਸੀਏਸ਼ਨ ਡਟ ਕੇ ਖੜ੍ਹੇਗੀ ਤੇ ਪੂਰਾ ਸਹਿਯੋਗ ਦੇਵੇਗੀ।
ਕਿਸਾਨ ਤੇ ਦੋਧੀ ਦੁੱਧ ਦਾ ਧੰਦਾ ਕਰਨ ਤੋਂ ਹੱਥ ਖੜ੍ਹੇ ਕਰਨ ਲੱਗੇ 
ਇਸ ਵੇਲੇ ਦੁਧਾਰੂ ਮੱਝਾਂ ਤੇ ਗਾਵਾਂ ਦੀ ਕੀਮਤ ਇਕ ਬਰਾਬਰ ਦਿਖਾਈ ਦੇ ਰਹੀ ਹੈ। ਇਸ ਖੇਤਰ ਦੇ ਕਿਸਾਨ ਨੂੰ ਮੁਰਾ ਨਸਲ ਦੀ ਮੱਝ 80 ਤੋਂ 90 ਹਜ਼ਾਰ ਰੁਪਏ ਤੱਕ ਮਿਲਦੀ ਹੈ ਜਦਕਿ ਐੱਚ. ਐੱਫ. ਗਾਂ 70 ਤੋਂ 80 ਹਜ਼ਾਰ ਰੁਪਏ ਤੱਕ ਪੈਂਦੀ ਹੈ। ਇਸ ਨਸਲ ਦੀਆਂ ਮੱਝਾਂ ਅਤੇ ਗਾਵਾਂ ਦੀ ਸਾਂਭ-ਸੰਭਾਲ ‘ਤੇ ਰੋਜ਼ਾਨਾ 450 ਤੋਂ 500 ਰੁਪਏ ਖਰਚ ਆਉਂਦਾ ਹੈ। ਇਨ੍ਹਾਂ ਨੂੰ ਪਾਲਣ ਲਈ ਪਸ਼ੂ ਖੁਰਾਕ, ਹਰਾ ਚਾਰਾ ਤੇ ਹੋਰ ਦੁੱਧ ਵਧਾਊ ਵਸਤਾਂ ਮਹਿੰਗੀਆਂ ਹੋਣ ‘ਤੇ ਕਿਸਾਨਾਂ ਨੂੰ ਦੁੱਧ 30 ਰੁਪਏ ਪ੍ਰਤੀ ਲਿਟਰ ਪੈਂਦਾ ਹੈ। ਸ਼ਹਿਰਾਂ ਤੇ ਪਿੰਡਾਂ ਦੀਆਂ ਡੇਅਰੀਆਂ ਤੋਂ ਲੋਕਾਂ ਦੇ ਘਰਾਂ ਤੇ ਹੋਟਲਾਂ ਤੱਕ ਪਹੁੰਚਣ ਲਈ 40 ਰੁਪਏ ਤੱਕ ਪ੍ਰਤੀ ਲਿਟਰ ਪੈ ਜਾਂਦਾ ਹੈ। ਇਨ੍ਹਾਂ ਪਸ਼ੂਆਂ ਨੂੰ ਰੱਖਣ ਲਈ ਮਜ਼ਦੂਰਾਂ ਦਾ ਖਰਚ ਵੀ ਬਹੁਤ ਜ਼ਿਆਦਾ ਹੈ, ਜਿਸ ਦੇ ਹਿਸਾਬ ਨਾਲ ਦੁੱਧ ਉਤਪਾਦਕਾਂ ਦੇ ਖਰਚੇ ਵੀ ਪੂਰੇ ਨਹੀਂ ਨਿਕਲਦੇ। ਇਸ ਕਾਰਨ ਕਿਸਾਨ ਤੇ ਦੋਧੀ ਵੀ ਦੁੱਧ ਦਾ ਧੰਦਾ ਕਰਨ ਤੋਂ ਹੱਥ ਖੜ੍ਹੇ ਕਰਨ ਲੱਗੇ ਹਨ। ਦੁੱਧ ਉਤਪਾਦਕਾਂ ਨੇ ਮੰਗ ਕੀਤੀ ਹੈ ਕਿ ਮਹਿੰਗਾਈ ਅਨੁਸਾਰ ਇਸ ਧੰਦੇ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਪਸ਼ੂ ਖੁਰਾਕ ਤੋਂ ਟੈਕਸ ਘਟਾ ਕੇ ਦੁੱਧ ਦਾ ਰੇਟ 60 ਰੁਪਏ ਪ੍ਰਤੀ ਲਿਟਰ ਦਿੱਤਾ ਜਾਵੇ।


EDITED BY : SARA YAHA | | Last Updated :22 June 2018

LEAVE A REPLY

Please enter your comment!
Please enter your name here