

ਮਾਨਸਾ 16 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਦੂਸਰੀ ਬਰਸੀ ਤੇ ਖਾਲਸਾ ਸੈਕੰਡਰੀ ਸਕੂਲ
ਮਾਨਸਾ ਵਿਖੇ ਹੋਇਆ ਸਮਾਗਮ ‘ਨਾਟਕ ਅਤੇ ਸੰਵਾਦ’ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਉਨ੍ਹਾਂ ਦੇ ਪ੍ਰਸਿੱਧ ਨਾਟਕ ਸੱਤ ਬਗਾਨੇ ਦੀ
ਪੇਸ਼ਕਾਰੀ ਕਮਾਲ ਦੀ ਰਹੀ। ਉੱਘੇ ਰੰਗਕਰਮੀ ਡਾ. ਸਾਹਿਬ ਸਿੰਘ ਨੇ ਕਿਹਾ ਕਿ ਔਲਖ ਸਾਦਾ ਸੀ ਪਰ ਸਾਧਾਰਨ ਜਾਂ ਸਤਹੀ ਨਹੀਂ ਸੀ। ਉਸ
ਨੇ ਪੇਂਡੂ ਯਥਾਰਥ ਨੂੰ ਉਸ ਦੇ ਸਮਕਾਲੀ ਵਿਵੇਕ ਨੂੰ ਵਿਸ਼ਲੇਸ਼ਿਤ ਕਰਦੇ ਹੋਏ ਸੱਤ ਬਗਾਨੇ ਵਰਗੇ ਵਰਲਡ ਕਲਾਸਿਕ ਦੁਨੀਆ ਨੂੰ ਦਿੱਤੇ।

ਉਹਨਾਂ ਕਿਹਾ ਕਿ ਔਲਖ ਦਾ ਜਦ ਗਹਿਰਾਈ ਵਿਚ ਅਧਿਐਨ ਕੀਤਾ ਜਾਏਗਾ, ਤਦ ਉਸ ਦੇ ਨਾਟਕਾਂ ਰਾਹੀਂ ਪੰਜਾਬੀ ਸਮਾਜ ਦੇ ਚਾਰ
ਦਹਾਕਿਆਂ ਦੀ ਤਸਵੀਰ ਸਮਝ ਆਏਗੀ, ਕਿਉਂਕਿ ਔਲਖ ਨੇ ਸਮਾਜ ਦੇ ਉਤਰਾਵਾਂ ਚੜ੍ਹਾਵਾਂ, ਕਿਸਾਨੀ ਸੰਘਰਸ਼ ਦੇ ਤੇਜ, ਤਿੱਖੇ ਅਤੇ ਮਧਮ
ਹੋਣ ਦੇ ਵਰਤਾਰਿਆਂ ਨੂੰ ਬਹੁਤ ਡੁੰਘਾਈ ਵਿਚ ਮਹਿਸੂਸਿਆ। ਪ੍ਰੋ. ਔਲਖ ਯਾਦਗਾਰ ਕਮੇਟੀ ਮਾਨਸਾ ਵੱਲੋਂ ਇਹ ਸਮਾਗਮ ਪੰਜਾਬ ਸੰਗੀਤ
ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਚੰਡੀਗੜ੍ਹ ਸਕੂਲ ਆਫ ਡਰਾਮਾ ਵੱਲੋਂ ਇੱਕਤਰ ਸਿੰਘ ਨੇ ਅਜਮੇਰ ਸਿੰਘ ਔਲਖ ਦੇ ਨਾਟਕ ‘ਸੱਤ ਬਗਾਨੇ’ ਨੂੰ ਉਨ੍ਹਾਂ ਦੇ ਪੇਂਡੂ ਰੰਗਮੰਚ
ਦੇ ਮੁਹਾਵਰੇ ਰਾਹੀਂ ਹੀ ਪੇਸ਼ ਕੀਤਾ। ਇਸ ਨਾਟਕ ਦੀ ਪੇਸ਼ਕਾਰੀ ਰਾਹੀਂ ਸਾਮ੍ਹਣੇ ਆਇਆ ਕਿ ਕਿਸ ਤਰ੍ਹਾਂ ਪਿੰਡ ਸੱਭਿਆਚਾਰ ਦੇ ਧੁਰ ਅੰਦਰ
ਜਾਇਜ਼/ਨਜਾਇਜ਼ ਜਿਣਸੀ ਰਿਸ਼ਤੇ ਪਲਦੇ ਹਨ, ਕਿਸ ਤਰ੍ਹਾਂ ਆਰਥਿਕ ਥੁੜਾਂ ਸਮਾਜਿਕ ਤੇ ਸਭਿਆਚਾਰਕ ਸੰਕਟਾਂ ਨੂੰ ਜਨਮ ਦਿੰਦੀਆਂ ਹਨ,
ਕਿਸ ਤਰ੍ਹਾਂ ਅਖੌਤੀ ਨੀਵੀਂ ਜਾਤ ਅਤੇ ਅਖੌਤੀ ਉੱਚੀ ਜਾਤ ਵਿਚ ਬਣਨ ਵਾਲੇ ਰਿਸ਼ਤੇ ਅਗਲੀਆਂ ਪੀੜ੍ਹੀਆਂ ਤੱਕ ਸੰਕਟ ਦਾ ਸਬੱਬ ਬਣਦੇ ਹਨ
ਅਤੇ ਉੱਘੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਔਲਖ ਜਿੰਨ੍ਹਾਂ ਆਪਣੀਆਂ ਨਾਟ ਕਿਰਤਾਂ ਅਤੇ ਆਪਣੇ ਰੰਗਮੰਚ ਕਰਕੇ
ਮਹਾਨ ਹੈ, ਉੱਨਾ ਹੀ ਆਪਣੇ ਨਿੱਜੀ ਕਿਰਦਾਰ ਦੀ ਉੱਚਤਾ ਕਰਕੇ ਮਹਾਨ ਹੈ। ਨਾ ਕੇਵਲ ਉਸ ਦੇ ਨਾਟਕ ਹੀ ਪਿੰਡ ਦੇ ਜੀਵਨ ਯਥਾਰਥ ਦੀ
ਸ਼ਸਕਤ ਪੇਸ਼ਕਾਰੀ ਕਾਰਨ ਪ੍ਰਸਿੱਧੀ ਹਾਸਿਲ ਕਰਦੇ ਹਨ, ਬਲਕਿ ਤਿੰਨ ਧੀਆਂ ਦੇ ਬਾਪ ਦੀ ਅਹਿਮ ਜ਼ਿੰਮੇਵਾਰੀ ਨਿਭਾਉਂਦਿਆਂ, ਧੀਆਂ ਅਤੇ
ਜਵਾਈਆਂ ਨੂੰ ਪੁੱਤਾਂ ਤੋਂ ਵੀ ਵੱਧ ਅਹਿਮੀਅਤ ਅਤੇ ਮੌਕੇ ਦੇਣ ਅਤੇ ਨਿਰਵਿਵਾਦ ਸ਼ਖ਼ਸੀਅਤ ਦੇ ਰੂਪ ਵਿਚ ਵਿਚਰਨ ਕਰਕੇ ਉਸ ਸਾਡੇ
ਸਾਰਿਆਂ ਲਈ ਰੋਲ ਮਾਡਲ ਬਣਦਾ ਹੈ। ਅਜਮੇਰ ਸਿੰਘ ਔਲਖ ਦੇ ਹਮਸਫਰ ਅਤੇ ਉੱਘੇ ਰੰਗਕਰਮੀ ਮਨਜੀਤ ਔਲਖ ਅਤੇ ਖਾਲਸਾ ਸਕੂਲ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਮੱਘਰ ਸਿੰਘ ਨੇ ਕਿਹਾ ਕਿ ਔਲਖ ਇਕ ਪਰਿਵਾਰ ਦਾ ਨਹੀਂ, ਬਲਕਿ ਤੁਹਾਡਾ ਸਾਰਿਆਂ ਦਾ ਹੈ। ਜਿੰਨਾ ਲੋਕਾਂ
ਦੀ ਪੀੜ ਨੂੰ ਔਲਖ ਨੇ ਆਪਣੇ ਨਾਟਕਾਂ ਰਾਹੀਂ ਪ੍ਰਗਟਾਇਆ।
ਪ੍ਰੋਗਰਾਮ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਸੰਗੀਤ ਨਾਟਕ ਅਕਾਦਮੀ ਦੇ ਜਨਰਲ ਸਕੱਤਰ ਪ੍ਰੀਤਮ ਸਿੰਘ ਰੁਪਾਲ ਨੇ ਕਿਹਾ ਕਿ
ਔਲਖ ਸਾਡੇ ਸਾਰਿਆਂ ਅੰਦਰ ਸਦਾ ਜਿੰਦਾ ਰਹੇਗਾ ਅਤੇ ਅਜਿਹੇ ਪ੍ਰੋਗਰਾਮਾਂ ਰਾਹੀਂ ਅਸੀਂ ਆਪਣੇ ਅੰਦਰ ਵਸਦੇ ਔਲਖ ਨੂੰਇਕ ਦੂਜੇ ਨਾਲ
ਮਿਲ ਕੇ ਸਾਂਝਾ ਕਰਦੇ ਹਾਂ। ਔਲਖ ਸਾਹਿਬ ਦੇ ਮੁਢਲੇ ਕਲਾਕਾਰ ਜਗਜੀਤ ਸਿੰਘ ਚਹਿਲ ਨੇ ਕਿਹਾ ਕਿ ਛੋਟੀ ਕਿਸਾਨੀ ਦੀ ਮਸਲਿਆਂ ਨੂੰ ਪੇਸ਼
ਕਰਨ, ਪੇਂਡੂ ਰੰਗਮੰਚ ਦੇ ਰੂਪ ਵਿਚ ਨਾਟਕ ਦਾ ਨਵਾਂ ਮੁਹਾਵਰਾ ਦੇਣ ਅਤੇ ਹਜ਼ਾਰਾਂ ਕਲਾਕਾਰ ਪੈਦਾ ਕਰਨ ਦੇ ਰੂਪ ਵਿਚ ਔਲਖ ਨੂੰ ਹਮੇਸ਼ਾ
ਯਾਦ ਕੀਤਾ ਜਾਇਆ ਕਰੇਗਾ। ਪ੍ਰੋ. ਸੁਖਦੇਵ ਸਿੰਘ, ਪ੍ਰਿੰਸਪੀਲ ਦਰਸ਼ਨ ਸਿੰਘ, ਦਰਸ਼ਨ ਜੋਗਾ, ਹਰਿੰਦਰ ਮਾਨਸ਼ਾਹੀਆ, ਰਾਮ ਸਿੰਘ
ਭੈਣੀਬਾਘਾ, ਡਾ. ਜਗਤਾਰ ਸਿੰਘ ਜੋਗਾ, ਜਸਵੀਰ ਢੰਡ, ਸਰਬਜੀਤ ਕੌਂਸ਼ਲ, ਡਾ. ਕੇਵਲ ਸਿੰਘ, ਗੁਰਪ੍ਰੀਤ, ਰਾਜ ਜੋਸ਼ੀ, ਕੁਲਦੀਪ ਚੌਹਾਨ,
ਵਿਸ਼ਵਦੀਪ ਬਰਾੜ, ਜਗਜੀਵਨ ਆਲੀਕੇ, ਜਗਤਾਰ ਔਲਖ, ਗੁਰਮੇਲ ਕੌਰ ਜੋਸ਼ੀ, ਸੇਠੀ ਸਿੰਘ ਸਰਾਂ, ਜਗਜੀਤ ਵਾਲੀਆ, ਅਸ਼ੋਕ ਬਾਂਸਲ

ਨੇ ਕਿਹਾ ਕਿ ਮਾਨਸਾ ਵਿਚ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਆਡੀਟੋਰੀਅਮ ਬਣਾਉਣ ਲਈ ਵੱਡੇ ਪੱਧਰ ਤੇ ਕੋਸ਼ਿਸ਼ਾਂ ਹੋ
ਰਹੀਆਂ ਹਨ ਤੇ ਬਹੁਤ ਜਲਦ ਅਸੀਂ ਇਸ ਵੱਡੇ ਮਿਸ਼ਨ ਵਿਚ ਕਾਮਯਾਬ ਹੋਵਾਂਗੇ।
ਪ੍ਰੋ. ਸੁਪਨਦੀਪ, ਮਨਜੀਤ ਚਾਹਲ, ਬਿੱਟੂ ਔਲਖ, ਗੁਰਵਿੰਦਰ ਬਰਾੜ, ਡਾ. ਜਸਵਿੰਦਰ ਸੱਗੂ, ਹਰਪ੍ਰੀਤ ਪੁਰਬਾ, ਭੋਲਾ ਕੁਲੈਹਰੀ, ਮੋਹਨ
ਮਿੱਤਰ ਨੇ ਸੱਦਾ ਦਿੱਤਾ ਕਿ ਆਓ ਅਜਮੇਰ ਸਿੰਘ ਔਲਖ ਦੇ ਸਾਰੇ ਕਲਾਕਾਰ, ਦੋਸਤ, ਸਹਿਯੋਗੀ ਅਤੇ ਸ਼ੁਭ ਚਿੰਤਕ ਮਿਲ ਕੇ ਉਸ ਦੇ ਨਾਟਕਾਂ,
ਉਸ ਦੀ ਰੰਗਮੰਚੀ ਸ਼ੈਲੀ ਅਤੇ ਉਸ ਦੇ ਮਿਸ਼ਨ ਨੂੰ ਜਾਰੀ ਰੱਖੀਏ, ਇਸੇ ਵਿਚ ਹੀ ਅਜਮੇਰ ਸਿੰਘ ਔਲਖ ਦਾ ਮਾਣ ਹੈ।
























