

ਮਾਨਸਾ/ਬੁਢਲਾਡਾ 18 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੰਜਾਬੀ ਸਾਹਿਤ ਕਲਾ ਮੰਚ ਬੁਢਲਾਡਾ ਰਜਿ. ਮਾਨਸਾ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਹੜੇ ‘ਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਆਤਮਾ ਸਿੰਘ ਪਮਾਰ ਦੀ ਦੂਸਰੀ ਪੁਸਤਕ ਹਰਫਾਂ ਦੀ ਨਸ਼ਤਰ ਦੀ ਘੁੰਡ ਚੁਕਾਈ ਕੀਤੀ ਗਈ। ਮੰਚ ਦੇ ਪ੍ਰਧਾਨ ਅਤੇ ਪ੍ਰੋਗਰਾਮ ਪ੍ਰੋਗਰਾਮ ਦੇ ਸੰਚਾਲਕ ਅਮਨਦੀਪ ਸ਼ਰਮਾ ਨੇ ਫੰਕਸ਼ਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਆਤਮਾ ਸਿੰਘ ਪਮਾਰ ਦੀ ਪੁਸਤਕ ਵਿੱਚ ਅੰਕਿਤ ਕੀਤੇ ਗਏ ਵਿਚਾਰ ਅਜੋਕੇ ਸਮਾਜਿਕ, ਰਾਜਨੀਤਕ, ਅਤੇ ਧਾਰਮਿਕ ਖੇਤਰ ਤੋਂ ਇਲਾਵਾ ਸਾਡੀਆਂ ਨਿੱਘਰ ਰਹੀਆਂ ਕਦਰਾਂ ਕੀਮਤਾਂ ‘ਤੇ ਕਰਾਰੀ ਚੋਟ ਕਰਦੇ ਹਨ।ਜਿਵੇਂ ਸ਼ੱਕ ਸਿਰਫ ਦੋ ਅੱਖਰਾਂ ਦਾ ਸ਼ਬਦ ਹੀ ਹੈ, ਇਸਦੀ ਭਿਆਨਕਤਾ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ ਹੈ ਹਰ ਪਰਿਵਾਰ, ਸੰਸਥਾ ਅਤੇ ਪਾਰਟੀਆਂ ਨੂੰ ਪਤਨ ਵੱਲ ਲਿਜਾ ਸਕਦਾ ਹੈ।
ਪੁਸਤਕ ‘ਚ ਅੰਕਿਤ ਹੋਰ ਵਿਚਾਰ ਵੀ ਉਹਨਾਂ ਦੀ ਇਸ ਕਿਤਾਬ ਨੂੰ ਪ੍ਰਭਾਵਸ਼ਾਲੀ ਬਣਾਉਣ, ਅਤੇ ਚਾਰ ਚੰਨ ਲਗਾਉਣ ‘ਚ ਹੋਰ ਵੀ ਸਹਾਈ ਹੁੰਦੇ ਹਨ। ਪੁਸਤਕ ‘ਤੇ ਗੱਲਬਾਤ ਕਰਦਿਆਂ ਡਾ. ਕਰਨੈਲ ਸਿੰਘ ਵੈਰਾਗੀ ਨੇ ਕਿਹਾ ਕਿ ਸਾਰਥਿਕ ਆਲੋਚਨਾ ਲੇਖਕ ਨੂੰ ਹੋਰ ਵਧੀਆ ਲਿਖਣ ਲਈ ਸਿਰਫ਼ ਪ੍ਰੇਰਿਤ ਹੀ ਨਹੀਂ ਕਰਦੀ ਸਗੋਂ ਉਸ ਨੂੰ ਭਵਿੱਖ ‘ਚ ਚੌਕੰਨਾ ਕਰਕੇ ਰਹਿ ਗਈਆਂ ਊਣਤਾਈਆਂ ਨੂੰ ਸੋਧਣ ਵੱਲ ਸੇਧਿਤ ਵੀ ਹੁੰਦੀ ਹੈ।ਜਿਸ ਨਾਲ ਉਸ ਦੀਆਂ ਭਵਿੱਖੀ ਰਚਨਾਵਾਂ ‘ਚ ਪ੍ਰਪੱਕਤਾ ਦਾ ਝਲਕਾਰਾ ਵੀ ਦੇਖਣ ਨੂੰ ਮਿਲ ਸਕਦਾ ਹੈ।ਉਹਨਾਂ ਵੱਲੋਂ ਲਿਖੀ ਕਿਤਾਬ ਨਵੇਂ ਲੇਖਕਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦਾ ਇੱਕ ਵੱਡਾ ਉਪਰਾਲਾ ਹੋ ਸਕਦੀ ਹੈ। ਉਹਨਾਂ ਵੱਲੋਂ ਕੁੱਝ ਵਿਚਾਰਾਂ ‘ਤੇ ਆਲੋਚਨਾਤਮਕ ਨਜ਼ਰੀਏ ਤੋਂ ਬੋਲਦਿਆਂ ਕਿਹਾ ਕਿ ਲੇਖਕ ਆਪਣੀ ਗੱਲ ਪਾਠਕਾਂ ਤੱਕ ਪੁੱਜਦੀ ਕਰਨ ‘ਚ ‘ਭਾਵੇਂ ਸਫਲ ਰਿਹਾ ਹੈ ਪ੍ਰੰਤੂ ਅਜੇ ਵੀ ਕੁੱਝ ਊਣਤਾਈਆਂ ਰੜਕਦੀਆਂ ਨਜ਼ਰੀ ਆਉਂਦੀਆਂ ਹਨ।
ਮੰਚ ਦੇ ਉਪ ਪ੍ਰਧਾਨ ਰਜਿੰਦਰ ਵਰਮਾ,ਧੰਨਾ ਮੱਲ ਗੋਇਲ ਸੂਬਾਈ ਪ੍ਰਧਾਨ ਮੈਡੀਕਲਪ੍ਰੈਕਟੀਸ਼ਨਰਜ਼ ਐਸੋਸੀਏਸ਼ਨ,ਰਾਜਵਿੰਦਰ ਸਿੰਘ ਖੱਤਰੀਵਾਲਾ ,ਗੁਲਜਾਰ ਡੋਗਰਾ ,ਪੂਜਾ ਪੁੰਡਰਕ, ਅਮਨਦੀਪ ਕੌਰ, ਯਾਦਵਿੰਦਰ ਸਿੰਘ ਪਮਾਰ, ਗੁਰਚਰਨ ਸਿੰਘ ਝੰਡੂਕੇ ਆਦਿ ਨੇ ਸਾਂਝੇ ਤੌਰ ‘ਤੇ ਕਿਤਾਬ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਲੇਖਕ ਨੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਵਿਸੰਗਤੀਆਂ ਅਤੇ ਨਿੱਤ ਦਿਨ ਵਾਪਰ ਰਹੇ ਵਰਤਾਰਿਆਂ ਨੂੰ ਨਿਰਪੱਖਤਾ ਅਤੇ ਤਰਕਸੰਗਤਤਾ ਨਾਲ ਬਿਆਨ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਆਪਣੀ ਬੇਬਾਕ ਲੇਖਣੀ ਜ਼ਰੀਏ ਪਮਾਰ ਆਉਂਦੇ ਸਮੇਂ ਦੌਰਾਨ ਇਸ ਤੋਂ ਵੀ ਵਧੀਆ ਤਰੀਕੇ ਨਾਲ ਸਮਾਜ ਨੂੰ ਸਹੀ ਸੇਧ ਲਈ ਆਪਣੀ ਕਲਮ ਦੀ ਧਾਰ ਹੋਰ ਵੀ ਤਿੱਖੀ ਕਰਨ ਵੱਲ ਵਧੇਗਾ।
ਅਖੀਰ ਤੇ ਗੱਲਬਾਤ ਕਰਦਿਆਂ ਪੁਸਤਕ ਦੇ ਰਚੇਤਾ ਆਤਮਾ ਸਿੰਘ ਪਮਾਰ ਨੇ ਕਿਹਾ ਕਿ ਉਹਨਾਂ ਨੇ ਆਪਣੀ ਤੁੱਛ ਜਿਹੀ ਬੁੱਧੀ ਅਨੁਸਾਰ ਇਸ ਕਿਤਾਬ ਨੂੰ ਆਲੋਚਕਾਂ ਅਤੇ ਵਿਦਵਾਨ ਪਾਠਕਾਂ ਦੀ ਕਚਹਿਰੀ ‘ਚ ਪੇਸ਼ ਕਰ ਦਿੱਤਾ ਹੈ। ਉਮੀਦ ਕਰਦਾ ਹਾਂ ਕਿ ਮੇਰਾ ਇਹ ਨਿਮਾਣਾ ਜਿਹਾ ਉੱਦਮ ਪਾਠਕਾਂ ਲਈ ਜੀਵਨ ‘ਚ ਪ੍ਰੇਰਨਾ ਦਾ ਸ੍ਰੋਤ ਬਣ ਸਕੇ। ਉਹਨਾਂ ਅੱਗੇ ਕਿਹਾ ਕਿ ਮੈਂ ਕਦੇ ਵੀ ਇੱਕ ਪੇਸ਼ਾਵਰ ਲੇਖਕ ਵਜੋਂ ਲੇਖਣੀ ਦੇ ਖੇਤਰ ‘ਚ ਪ੍ਰਵੇਸ਼ ਕੀਤਾ ਸਗੋਂ ਮੇਰੀ ਕਲਮ ਦੀ ਧਾਰਾ ਸਮਾਜ ‘ਵਿਚਲੀਆਂ ਵਿਸੰਗਤੀਆਂ ਅਤੇ ਵਾਪਰ ਰਹੇ ਅਨੈਤਿਕ, ਗੈਰ ਮਨੁੱਖੀ ਵਰਤਾਰਿਆਂ ਵੱਲੋਂ ਸੇਧਿਤ ਰਹੇਗੀ, ਇਹਨਾਂ ਨੂੰ ਉਜਾਗਰ ਕਰਨਾ ਹੀ ਮੇਰਾ ਇੱਕ ਮਾਤਰ ਉਦੇਸ਼ ਹੈ। ਇਸ ਸਮੇਂ ਉਹਨਾਂ ਵੱਲੋਂ ਪੰਜਾਬੀ ਸਾਹਿਤ ਕਲਾ ਮੰਚ ਦੇ ਸਮੂਹ ਆਗੂਆਂ ਅਤੇ ਪ੍ਰੋਗਰਾਮ ‘ਚ ਹਾਜ਼ਰੀਨ ਸਮੁੱਚੇ ਸ੍ਰੋਤਿਆਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਸਮੇਂ ਸੇਵਾ ਮੁਕਤ ਬਲਾਕ ਸਿੱਖਿਆ ਅਫਸਰ ਕੁਲਵੰਤ ਕੌਰ, ਪਮਾਰ,ਐਸ ਡੀ ਓ ਗੁਰਦੇਵ ਸਿੰਘ ਸਹੋਤਾ ,ਡਾ. ਰਾਜ ਭੁਪਿੰਦਰ ਕੌਰ ਸਹੋਤਾ, ਭੁਪਿੰਦਰਜੀਤ ਸਿੰਘ,ਕੋਟਲੱਲੂ ਜਸਪਿੰਦਰ ਕੌਰ, ਬਲਤੇਜ ਸਿੰਘ ਹੈਡ ਟੀਚਰ, ਹਰਬੰਸ ਸਿੰਘ ਢਿੱਲੋ, ਲੇਖਕ ਅਤੇ ਇਤਿਹਾਸਿਕ ਖ਼ੋਜੀ ਗੁਰਮੇਲ ਸਿੰਘ ਗਿੱਲ,ਕ੍ਰਿਸ਼ਨ ਮਾਨਬੀਬੜੀਆਂ ਅਮਨਦੀਪ ਕੌਰ ਪੰਜਾਬੀ ਮਿਸਟਰੈਸ, ਪਸ਼ਮੀਨਾ ਰਾਣੀ ਅੰਗਰੇਜ਼ੀ ਮਿਸਟਰੈਸ ਗੁਰਪਿਆਰ ਸਿੰਘ ਨਿੱਕੂ, ਸਰੋਜ ਰਾਣੀ ,ਮਨਜੀਤ ਕੌਰ ਆਦਿ ਵੀ ਹਾਜ਼ਰ ਸਨ।























