

ਝੁਨੀਰ 21 ਜਨਵਰੀ (ਕੁਲਦੀਪ ਘੁਰਕਣੀ):ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਥਰਮਲ ਦੀਆਂ ਚਿਮਨੀਆਂ ਵਿੱਚੋਂ ਨਿਕਲਦੇ ਧੂੰਏਂ ਕਾਰਨ ਥਰਮਲ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਦਾ ਲਗਾਤਾਰ ਨੁਕਸਾਨ ਹੁੰਦਾ ਆਇਆ ਹੈ। ਫ਼ਸਲਾਂ ਦੇ ਹੋਏ ਇਸ ਨੁਕਸਾਨ ਦਾ ਕਿਸਾਨਾਂ ਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਪਿੰਡ ਰਾਏਪੁਰ ਦੇ ਕਿਸਾਨ ਮੇਜਰ ਸਿੰਘ ਵੱਲੋ ਆਰ.ਟੀ.ਆਈ. ਤਹਿਤ ਮੰਗੀ ਜਾਣਕਾਰੀ ਤੋਂ ਪਤਾ ਚੱਲਿਆ ਕਿ ਥਰਮਲ ਨੂੰ ਮੁਆਵਜ਼ਾ ਦੇਣ ਲਈ ਹੁਕਮ ਤਾਂ ਜਾਰੀ ਹੋਏ ਪਰ ਇਹ ਹੁਕਮ ਕਾਗਜ਼ਾਂ ਚ ਰਹਿ ਗਏ ਜਾਂ ਆਪਸੀ ਮਿਲੀਭੁਗਤ ਚ ਪੀੜਤ ਕਿਸਾਨਾਂ ਨੂੰ ਹੀ ਬਲੀ ਦਾ ਬੱਕਰਾ ਬਣਾ ਲਿਆ ਗਿਆ ਕਿਉਂਕਿ ਕਿਸਾਨ ਅਜੇ ਤੱਕ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਅਨੁਸਾਰ ਥਰਮਲ ਨੇੜਲੇ ਪਿੰਡਾਂ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਥਰਮਲ ਦੀਆਂ ਚਿਮਨੀਆਂ ਚੋਂ ਨਿਕਲਦੀ ਰਾਖ ਨੂੰ ਬੰਦ ਕਰਵਾਉਣ ਲਈ ਅਤੇ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ਾ ਦੀ ਮੰਗ ਨੂੰ ਲੈਕੇ ਥਰਮਲ ਦੇ ਗੇਟ ਅੱਗੇ 5 ਅਕਤੂਬਰ 2018 ਨੂੰ ਧਰਨਾ ਲਗਾਇਆ ਸੀ। ਧਰਨੇ ਮੌਕੇ ਪਹੁੰਚੇ ਮਾਨਸਾ ਪ੍ਰਸ਼ਾਸਨ ਨੇ ਧਰਨਾਕਾਰੀਆ ਤੋਂ ਮੰਗ ਪੱਤਰ ਲੈ ਕੇ ਮੰਗਾਂ ਤੇ ਗ਼ੌਰ ਕਰਨ ਦਾ ਭਰੋਸਾ ਦਿਵਾਇਆ ਸੀ। ਪਿੰਡ ਰਾਏਪੁਰ ਦੇ ਕਿਸਾਨਾਂ ਵੱਲੋਂ ਦਿੱਤੇ ਗਏ ਵਿਸ਼ੇਸ਼ ਮੰਗ ਪੱਤਰ ਤੇ ਕਾਰਵਾਈ ਕਰਦਿਆਂ ਜ਼ਿਲਾ ਪ੍ਰਸ਼ਾਸਨ ਵੱਲੋ ਬਣਾਈ ਇੱਕ ਟੀਮ ਨੇ ਜਾਂਚ ਕਰਨ ਤੋ ਬਆਦ ਖੇਤੀਬਾੜੀ ਬਲਾਕ ਅਫ਼ਸਰ ਝੁਨੀਰ ਵੱਲੋਂ ਪੱਤਰ ਨੰਬਰ 664 ਮਿਤੀ 13 ਦਸੰਬਰ 2018 ਰਾਹੀਂ ਰਿਪੋਰਟ ਕੀਤੀ ਗਈ ਕਿ ਪਿੰਡ ਰਾਏਪੁਰ ਦੇ ਰਕਬੇ ਨਾਲ ਸਬੰਧਤ ਫਸਲਾਂ ਤੇ ਤਲਵੰਡੀ ਸਾਬੋ ਪਾਵਰ ਪਲਾਂਟ ਲਿਮਟਿਡ ਬਣਾਂਵਾਲੀ ਵੱਲੋਂ ਡਿੱਗੀ ਗਈ ਰਾਖ ਦੇ ਪ੍ਰਭਾਵ ਦਾ ਜਾਇਜ਼ਾ ਲੈਣ ਤੇ 965 ਏਕੜ ਝੋਨਾ, 62 ਏਕੜ ਹਰਾ ਚਾਰਾ ਅਤੇ 528 ਏਕੜ ਨਰਮੇ ਦੀ ਫ਼ਸਲ ਦਾ ਨੁਕਸਾਨ ਹੋਣ ਦੀ ਪੁਸ਼ਟੀ ਕੀਤੀ ਗਈ। ਨਾਇਬ ਤਹਿਸੀਲਦਾਰ ਸਰਦੂਲਗੜ੍ਹ ਰਾਹੀ ਕਰਵਾਈ ਪੜਤਾਲ ਚ ਪੱਤਰ ਨੰਬਰ 30/ਰੀ-2 ਮਿਤੀ 24 ਜਨਵਰੀ 2019 ਨੂੰ ਵੀ ਉੱਕਤ ਰਿਪੋਰਟ ਪੇਸ਼ ਕਰਦਿਆਂ ਜ਼ਿਲਾ ਪ੍ਰਸ਼ਾਸਨ ਨੇ ਪੀੜਤ ਕਿਸਾਨਾਂ, ਥਰਮਲ ਅਧਿਕਾਰੀਆਂ ਅਤੇ ਮੋਹਤਵਾਰ ਵਿਅਕਤੀਆਂ ਦੀ ਇੱਕ ਮੀਟਿੰਗ 1 ਫਰਵਰੀ 2019 ਨੂੰ ਕੀਤੀ ਸੀ। ਜਿਸ ਵਿੱਚ ਥਰਮਲ ਪਲਾਂਟ ਬਣਾਂਵਾਲੀ ਵਿੱਚ ਸਾਲ 2017 ਵਿੱਚ ਵੀ ਹੋਏ ਬਲਾਸਟ ਤੋਂ ਉਸ ਵੇਲੇ ਬਹੁਤ ਸਾਰੀ ਰਾਖ ਕਿਸਾਨਾਂ ਦੀਆਂ ਫਸਲਾਂ ਤੇ ਲੋਕਾਂ ਦੇ ਘਰਾਂ ਤੇ ਡਿੱਗੀ ਸੀ ਉਸ ਰਾਖ ਤੋਂ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਮੁਆਵਜ਼ਾ ਹਾਲੇ ਤੱਕ ਕਿਉਂ ਨਹੀਂ ਦਿੱਤਾ ਗਿਆ ? ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਸ ਤੋਂ ਇਲਾਵਾ ਸਾਲ 2018 ਦੇ ਵਿੱਚ ਵੀ ਪਲਾਟ ਦੇ ਵਿੱਚ ਲੀਕਜ਼ ਹੋਣ ਕਰਕੇ 965 ਏਕੜ ਜ਼ਮੀਨ ਦੇ ਉੱਤੇ ਰਾਖ ਜਾ ਡਿੱਗੀ ਇਸ ਦਾ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਕੀ ਨੁਕਸਾਨ ਹੋਇਆ ਉਸ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਤੇ ਹਾਜ਼ਰ ਧਿਰਾਂ ਨੂੰ ਸੁਣਨ ਅਤੇ ਜਾਂਚ-ਪੜਤਾਲ ਦੀਆਂ ਫਾਇਲਾਂ ਤੇ ਆਏ ਦਸਤੇਵੇਜ਼ਾਂ ਨੂੰ ਵਾਚਣ ਉਪਰੰਤ ਇਹ ਪਾਇਆ ਗਿਆ ਕਿ ਥਰਮਲ ਦੀ ਰਾਖ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੀ ਜਿੱਥੇ ਕੁਆਲਿਟੀ ਤੇ ਬੁਰਾ ਅਸਰ ਪਿਆ ਉੱਥੇ ਨਰਮੇ ਦੀ ਚੁਗਾਈ ਆਦਿ ਕਰਨ ਵਿੱਚ ਵੀ ਵੱਧ ਰੇਟ ਦੇਣਾ ਪਿਆ। ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਨਰਮੇ ਦੇ ਦੋ ਫਸਲ ਕਟਾਈ ਤਜਰਬਾ ਪਲਾਟਾਂ (10*5 ਮੀਟਰ ਪਲਾਟ ਸਾਇਜ਼) ਅਨੁਸਾਰ ਨਰਮਾ ਉਤਪਾਦਕਾ ਨੂੰ 15729 ਰੁਪਏ ਪ੍ਰਤੀ ਏਕੜ ਮੁਆਵਜ਼ਾ ਜੋ ਕੁੱਲ 8304912(ਤਰਾਸੀ ਲੱਖ ਚਾਰ ਹਾਜ਼ਰ ਨੌ ਸੋ ਬਾਰਾਂ ਰੁਪਏ ) ਅਤੇ ਇਸ ਤਰ੍ਹਾਂ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਝੋਨੇ ਦੇ ਦੋ ਫਸਲ ਕਟਾਈ ਤਜਰਬਾ ਪਲਾਟਾਂ (5*5 ਮੀਟਰ ਪਲਾਟ ਸਾਇਜ਼) ਅਨੁਸਾਰ ਝੋਨਾ ਉਤਪਾਦਕਾ ਨੂੰ 519.10 ਰੁਪਏ ਪ੍ਰਤੀ ਏਕੜ ਕੁੱਲ 194662.50/- (ਇੱਕ ਲੱਖ ਚੁਰਾਨਵੇਂ ਹਜ਼ਾਰ ਛੇ ਸੌ ਵਾਹਟ ਰੁਪਏ ਪੰਜਾਹ ਪੈਸੇ) ਦੇਣ ਦੇ ਸਬੰਧੀ ਕੁਲੈਕਸ਼ਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਕਰਨੀ ਬਣਦੀ ਹੈ।ਰਾਖ ਡਿੱਗਣ ਕਾਰਨ ਪ੍ਰਭਾਵਿਤ ਕਿਸਾਨਾਂ ਨੂੰ ਸਾਲ 2017 ਅਤੇ 2018 ਲਈ ਮੁਆਵਜ਼ਾ ਖੇਤੀਬਾੜੀ ਵਿਭਾਗ/ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੱਧਰ ਤੇ ਦਿੱਤੀ ਜਾਣ ਲਈ ਕਿਹਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਰਾਏਪੁਰ ਦੇ 42 ਏਕੜ ਦੀ ਖੇਤੀ ਕਰਦੇ ਕਿਸਾਨ ਮਨਦੀਪ ਸਿੰਘ, 24 ਏਕੜ ਦੀ ਖੇਤੀ ਕਰਦੇ ਕਿਸਾਨ ਹਮੀਰ ਸਿੰਘ, 9 ਏਕੜ ਦੀ ਖੇਤੀ ਕਰਦੇ ਕਿਸਾਨ ਗੁਰਸੇਵਕ ਸਿੰਘ ਅਤੇ 11 ਏਕੜ ਦੀ ਖੇਤੀ ਕਰਦੇ ਕਿਸਾਨ ਮੇਜਰ ਸਿੰਘ ਆਦਿ ਨੇ ਦੱਸਿਆ ਕਿ ਥਰਮਲ ਦੀਆਂ ਚਿਮਨੀਆਂ ਚੋਂ ਨਿਕਲਣ ਵਾਲੀ ਰਾਖ ਨੇ ਸਾਡੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ ਬੇਸ਼ੱਕ ਜ਼ਿਲਾ ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਥਰਮਲ ਨੂੰ ਜੁਰਮਾਨਾ ਵੀ ਪਾਇਆ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵੀ ਲਿਖਤੀ ਤੌਰ ਤੇ ਕਿਹਾ ਸੀ ਪਰ ਥਰਮਲ ਅਧਿਕਾਰੀਆਂ ਵੱਲੋਂ ਸਿਰਫ਼ ਕੁਝ ਚੁਨਿੰਦਾ ਕਿਸਾਨ ਜੋ ਸੱਤਾਧਾਰੀ ਪਾਰਟੀ ਨਾਲ ਸਬੰਧਤ ਹਨ। ਸਿਰਫ ਉਨ੍ਹਾਂ ਨੂੰ ਹੀ ਮੁਆਵਜ਼ਾ ਦਿੱਤਾ ਹੈ ਉਹ ਵੀ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਸਗੋਂ ਥਰਮਲ ਅੰਦਰ ਕੰਮ ਕਰ ਰਹੀਆਂ ਲੋਕਲ ਕੰਪਨੀਆਂ ਦੇ ਰਾਹੀ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਕਈ-ਕਈ ਲੱਖ ਰੁਪਏ ਦਾ ਨੁਕਸਾਨ ਥਰਮਲ ਕਰਕੇ ਹੋ ਚੁੱਕਿਆ ਹੈ ਪਰ ਸਾਨੂੰ ਅਜੇ ਤੱਕ ਫੁੱਟੀ ਕੌਡੀ ਮੁਆਵਜ਼ੇ ਦੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਨਰਮਾ ਉਤਪਾਦਕਾ ਨੂੰ 2017 ਵਿੱਚ ਹੋਏ ਨੁਕਸਾਨ ਦਾ 36000 (ਛੱਤੀ ਹਜ਼ਾਰ ਰੁਪਏ) ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਸੀ ਅਤੇ 2018 ਵਿੱਚ ਹੋਏ ਨੁਕਸਾਨ ਦਾ 15729 (ਪੰਦਰਾਂ ਹਜ਼ਾਰ ਸੱਤ ਸੌ ਉਨੱਤੀ) ਰੁਪਏ ਮੁਆਵਜ਼ਾ ਦੇਣਾ ਬਣਦਾ ਸੀ ਪਰ ਸਾਨੂੰ ਥਰਮਲ ਅਧਿਕਾਰੀਆਂ ਵੱਲੋਂ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ।ਸਾਡਾ ਲੱਖਾਂ ਰੁਪਏ ਦਾ ਮੁਆਵਜ਼ਾ ਥਰਮਲ ਅਧਿਕਾਰੀਆਂ ਵੱਲ ਪੈਂਡਿੰਗ ਪਿਆ ਹੈ ਜੋ ਸਾਨੂੰ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਅਸੀਂ ਐਸਡੀਐਮ ਮਾਨਸਾ, ਡਿਪਟੀ ਕਮਿਸ਼ਨਰ ਮਾਨਸਾ ਨੂੰ ਕਈ ਵਾਰ ਮਿਲ ਚੁੱਕੇ ਹਾਂ ਪਰ ਸਾਡੀ ਸਮੱਸਿਆ ਵੱਲ ਕਿਸੇ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਜਦੋਂ ਅਸੀਂ ਥਰਮਲ ਦੇ ਅਧਿਕਾਰੀਆਂ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਕੋਈ ਵੀ ਥਰਮਲ ਦੇ ਅੰਦਰ ਨਹੀਂ ਜਾਣ ਦਿੰਦਾ।ਥਰਮਲ ਨੇੜਲੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਥਰਮਲ ਲਗਾਉਣ ਸਮੇਂ ਸਾਡੀਆਂ ਜਮੀਨਾਂ ਖੋਹੀਆ ਗਈਆਂ ਤੇ ਥਰਮਲ ਲੱਗਣ ਤੋ ਬਾਅਦ ਸਾਡੀਆਂ ਜਿੰਦਗੀਆ ਖੋਹੀਆ ਜਾ ਰਹੀਆਂ ਹਨ। ਥਰਮਲ ਦੀਆਂ ਚਿਮਨੀਆ ਚੋ ਨਿਕਲਦੀ ਰਾਖ ਤੇ ਧੂਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੰਡ ਰਹੇ ਹਨ।ਜ਼ਿਲਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਸਭ ਥਰਮਲ ਦੇ ਹੀ ਪੱਖ ਦੀ ਗੱਲ ਕਰਦੇ ਹਨ। ਸਾਡੀ ਕਿਸੇ ਵੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਸਗੋ ਸਾਨੂੰ ਜਲੀਲ ਕੀਤਾ ਜਾ ਰਿਹਾ ਹੈ। ਅਸੀਂ ਵਾਰ-ਵਾਰ ਸਰਕਾਰੀ ਦਫਤਰਾਂ ਦੇ ਚੱਕਰ ਲਗਾਕੇ ਥੱਕ ਗਏ ਹਾਂ।ਹੁਣ ਅਸੀਂ ਅੱਕ ਚੁੱਕੇ ਹਾਂ ਅਤੇ ਆਪਣਾ ਮੁਆਵਜ਼ਾ ਲੈਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਥਰਮਲ ਖਿਲਾਫ ਹਾਈ ਕੋਰਟ ਵਿੱਚ ਕੇਸ ਕਰਨ ਜਾ ਰਹੇ ਹਾਂ। ਇਸ ਸਬੰਧੀ ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਦੀ ਲੋਕ ਸੰਪਰਕ ਅਧਿਕਾਰੀ ਕ੍ਰਿਤਿਕਾ ਭੱਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਨਵੀਂ ਆਈ ਹਾਂ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਇਸ ਸਬੰਧੀ ਸਾਡੇ ਹੈੱਡ ਖਿਰੋਦ ਬਾਰਕ ਹੀ ਦੱਸ ਸਕਦੇ ਹਨ ਪਰ ਉਨ੍ਹਾਂ ਵਾਰ-ਵਾਰ ਸੰਪਰਕ ਕਰਨ ਤੇ ਵੀ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ।























