

ਮਾਨਸਾ, 03 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਮਾਨਸਾ ਜ਼ਿਲ੍ਹੇ ਦੇ ਆਂਗਣਵਾੜੀ ਸੈਂਟਰ ਗਰਭਵਤੀ ਮਾਵਾਂ ਅਤੇ 6 ਸਾਲ ਤੱਕ ਦੇ ਬੱਚਿਆਂ ਲਈ ਪੋਸ਼ਣ ਕੇਂਦਰ ਬਣ ਚੁੱਕੇ ਹਨ ਜਿੱਥੇ ਬਿਨ੍ਹਾਂ ਰਸਾਇਣ ਤੋਂ ਉਘਾਈਆਂ ਹਰੇ ਪੱਤੇ ਵਾਲੀਆਂ ਅਤੇ ਹੋਰ ਸਬਜ਼ੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪੋਸ਼ਣ ਬਗੀਚੀਆਂ ਤੋਂ ਪੋਸ਼ਣ ਯੁਕਤ ਭੋਜਨ ਲਾਭਪਾਤਰੀਆਂ ਨੂੰ ਪ੍ਰਾਪਤ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪੋਸ਼ਣ ਬਗੀਚੀਆਂ ਸਤੰਬਰ ਮਹੀਨੇ ਵਿਚ ਲਗਾਈਆਂ ਗਈਆਂ ਸਨ, ਜੋ ਕਿ ਪੋਸ਼ਣ ਮਾਹ ਦੇ ਤੌਰ ਤੇ ਮਨਾਇਆ ਗਿਆ ਸੀ। ਜ਼ਿਲ੍ਹਾ ਮਾਨਸਾ ਵਿਚ ਭੀਖੀ ਬਲਾਕ ਦੇ ਪਿੰਡ ਮੱਤੀ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿੱਥੇ ਡਿਪਟੀ ਕਮਿਸ਼ਨਰ ਦੁਆਰਾ ਪਹਿਲੀ ਬਗੀਚੀ ਲਗਾਈ ਗਈ ਸੀ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ, ਆਂਗਣਵਾੜੀ ਵਰਕਰਾਂ ਦਾ ਇਨ੍ਹਾਂ ਬਗੀਚੀਆਂ ਨੂੰ ਲਗਾਉਣ, ਸਾਂਭ ਸੰਭਾਲ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਬਗੀਚੀਆਂ ਸਿੱਧੇ ਤੌਰ ਤੇ ਮਾਵਾਂ ਅਤੇ ਬੱਚਿਆਂ ਤੱਕ, ਜਿੰਨ੍ਹਾਂ ਨੂੰ ਪੋਸ਼ਣ ਦੀ ਸਭ ਤੋਂ ਵੱਧ ਜਰੂਰਤ ਹੈ, ਖੁਰਾਕ ਪਹੁੰਚਾਉਣ ਅਤੇ ਦੇਖਭਾਲ ਲਈ ਲਾਭਦਾਇਕ ਸਿੱਧ ਹੋ ਰਹੀਆਂ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ 50 ਪੋਸ਼ਣ ਬਗੀਚੀਆਂ ਲਗਾਈਆਂ ਜਾ ਚੁੱਕੀਆਂ ਹਨ। ਜਿੱਥੇ ਬਾਗਬਾਨੀ ਵਿਭਾਗ ਦੁਆਰਾ ਬੀਜ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ, ਉੱਥੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਲਾਭਪਾਤਰੀਆਂ ਦੀ ਸੁਵਿਧਾ ਲਈ ਬੂਟੇ ਲਗਾਉਣ ਲਈ ਬੈਡ ਤਿਆਰ ਕਰਨ ਦਾ ਕੰਮ ਕੀਤਾ ਹੈ। ਹਰੇਕ ਆਂਗਣਵਾੜੀ ਕੇਂਦਰ ਵਿਖੇ 30 ਤੋਂ 40 ਲਾਭਪਾਤਰੀਆਂ ਨੂੰ ਸਬਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਗਾਜਰ, ਮੂਲੀ, ਗੋਭੀ, ਸ਼ਲਗਮ, ਪਾਲਕ, ਮੇਥੀ, ਬਰੌਕਲੀ, ਸਰੋਂ ਦਾ ਸਾਗ ਆਦਿ ਸਬਜ਼ੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਬਜ਼ੀਆਂ ਨੂੰ ਸਲਾਦ ਵਜੋਂ ਵਰਤਿਆ ਜਾਂਦਾ ਹੈ। ਗਰਭਵਤੀ ਮਾਵਾਂ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਨਮਕੀਨ ਦਲੀਆ ਅਤੇ ਚਾਵਲ ਪਰੋਸਿਆ ਜਾਂਦਾ ਹੈ। ਗੋਦ ਭਰਾਈ ਦੀ ਰਸਮ ਦੌਰਾਨ ਗਰਭਵਤੀ ਮਾਵਾਂ ਨੂੰ ਕੱਚੀਆਂ ਸਬਜ਼ੀਆਂ ਵੀ ਦਿੱਤੀਆਂ ਜਾਂਦੀਆਂ ਹਨ। ਮਾਨਸਾ ਬਲਾਕ ਵਿਚ ਨੰਗਲ ਕਲਾਂ, ਭੈਣੀ ਬਾਘਾ, ਮੂਸਾ, ਖਿਆਲਾ ਕਲਾਂ ਅਤੇ ਉੱਭਾ ਸਰਕਲ ਵਿਖੇ ਪੋਸ਼ਣ ਬਗੀਚੀਆਂ ਸਥਾਪਿਤ ਕੀਤੀਆਂ ਗਈਆਂ ਹਨ। ਹਰੇਕ ਸਰਕਲ ਵਿਚ 4 ਤੋਂ 6 ਪਿੰਡ ਹਨ। ਇਸੇ ਤਰਾਂ ਭੀਖੀ ਦੇ ਜੋਗਾ, ਰੱਲਾ, ਕੋਟੜਾ ਕਲਾਂ ਅਤੇ ਮੱਤੀ ਵਿਖੇ ਬਗੀਚੀਆਂ ਲਗਾਈਆਂ ਗਈਆਂ ਹਨ।ઠ ਬੁਢਲਾਡਾ ਬਲਾਕ ਵਿਖੇ ਬਹਾਦੁਰਪੁਰ, ਗੁਰਨੇ ਕਲਾਂ, ਬੱਛੋਆਣਾ, ਰਾਮਪੁਰ ਮੰਡੇਰ, ਧਰਮਪੁਰਾ, ਬਰ੍ਹੇ, ਮੱਲ ਸਿੰਘ ਵਾਲਾ, ਦਾਤੇਵਾਸ, ਕੁਲਰੀਆਂ ਅਤੇ ਸਸਪਾਲੀ ਵਿਖੇ ਬਗੀਚੀਆਂ ਤੋਂ ਖੁਰਾਕ ਮੁਹੱਈਆ ਕਰਵਾਈ ਜਾਂਦੀ ਹੈ। ਇਸੇ ਤਰਾਂ ਝੁਨੀਰ ਬਲਾਕ ਵਿਖੇ ਸਰਕਲ ਬੁਰਜ ਭਲਾਈ ਕੇ, ਝੁਨੀਰ, ਘੁਰਕਣੀ, ਕੋਟ ਧਰਮੁ, ਭੰਮੇ ਖੁਰਦ, ਝੇਰਿਆਂਵਾਲੀ, ਭੰਮੇ ਕਲਾਂ ਅਤੇ ਰਾਮਾਮੰਡੀ ਇਸ ਸੁਵਿਧਾ ਅਧੀਨ ਲਿਆਂਦੇ ਗਏ ਹਨ। ਸਰਦੂਲਗੜ੍ਹ ਬਲਾਕ ਵਿਖੇ ਪਿੰਡ ਜਟਾਣਾ ਕਲਾਂ ਅਤੇ ਸਰਦੂਲੇਵਾਲਾ ਵਿਖੇ ਇਹ ਸੁਵਿਧਾ ਉਪਲਬਧ ਕਰਵਾਈ ਗਈ ਹੈ।























