ਪੋਸ਼ਣ ਅਭਿਆਨ ਤਹਿਤ ਸਤੰਬਰ ਮਹੀਨੇ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

0
8

ਮਾਨਸਾ, 28 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਪੋਸ਼ਣ ਅਭਿਆਨ (ਨੈਸ਼ਨਲ ਨਿਊਟ੍ਰਿਸ਼ਨ ਮਿਸ਼ਨ) ਤਹਿਤ 1 ਸਤੰਬਰ ਤੋਂ 30 ਸਤੰਬਰ 2019 ਤੱਕ ਚੱਲਣ ਵਾਲੇ ਪੋਸ਼ਣ ਮਹੀਨੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਨਵਰਜੈਂਸ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਕਿਹਾ ਕਿ ਸਤੰਬਰ ਮਹੀਨੇ ਦੌਰਾਨ ਜਿਨ੍ਹਾਂ ਵਿਭਾਗਾਂ ਵੱਲੋਂ ਪੋਸ਼ਣ ਅਭਿਆਨ ਤਹਿਤ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ, ਉਨ੍ਹਾਂ ਸਬੰਧੀ ਤਿਆਰ ਕੀਤਾ ਐਕਸ਼ਨ ਪਲਾਨ ਤੁਰੰਤ ਜਮ੍ਹਾ ਕਰਵਾਇਆ ਜਾਵੇ। ਉਨ੍ਹਾਂ ਨਾਲ ਹੀ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਜਾਂਚ ਕੈਂਪ ਲਗਾਏ ਜਾਣ ਅਤੇ ਜਿਨ੍ਹਾਂ ਬੱਚਿਆਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਪਾਈ ਜਾਂਦੀ ਹੈ, ਉਨ੍ਹਾਂ ਦਾ ਤੁਰੰਤ ਇਲਾਜ਼ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਵਿੱਚ ਖੂਨ ਦੀ ਕਮੀ ਪਾਈ ਜਾਂਦੀ ਹੈ, ਉਨ੍ਹਾਂ ਦਾ ਇਲਾਜ਼ ਸ਼ੁਰੂ ਕਰਕੇ 2 ਮਹੀਨੇ ਬਾਅਦ ਦੁਬਾਰਾ ਉਨ੍ਹਾਂ ਦਾ ਚੈਕਅੱਪ ਕੀਤਾ ਜਾਵੇ, ਤਾਂ ਜੋ ਉਨ੍ਹਾਂ ਵਿੱਚ ਹੋਣ ਵਾਲੇ ਸੁਧਾਰ ਸਬੰਧੀ ਵੀ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਜਿਹੜੇ ਬੱਚੇ ਕਮਜ਼ੋਰ ਹਨ, ਉਨ੍ਹਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਤਾਂ ਜੋ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਸਕੇ। ਉਨ੍ਹਾਂ ਹਦਾਇਤ ਕੀਤੀ ਕਿ ਆਂਗਣਵਾੜੀ ਕੇਂਦਰਾਂ ਵਿੱਚ ਕੱਦ ਮਾਪਣ ਵਾਲੇ ਪੈਮਾਣੇ ਵੀ ਪੇਂਟ ਕਰਵਾਏ ਜਾਣ। ਉਨ੍ਹਾਂ ਨਾਲ ਹੀ ਆਂਗਣਵਾੜੀ ਕੇਂਦਰਾਂ ਵਿੱਚ ਬਿਜਲੀ-ਪਾਣੀ ਦੀ ਨਿਰਵਿਘਨ ਸਪਲਾਈ ਦੇਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਤੰਬਰ ਮਹੀਨੇ ਦੌਰਾਨ ਪੋਸ਼ਣ ਰੈਲੀਆਂ ਵੀ ਕੱਢੀਆਂ ਜਾਣ ਅਤੇ ਲੋਕਾਂ ਨੂੰ ਪੋਸ਼ਣ ਅਭਿਆਨ ਤਹਿਤ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਪੋਸ਼ਣ ਅਭਿਆਨ ਤਹਿਤ ਜੋ ਵੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਪੋਰਟਲ ‘ਤੇ ਜ਼ਰੂਰ ਅਪਲੋਡ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਵਿਨਾਸ਼ ਕੌਰ, ਸਵੱਛ ਭਾਰਤ ਪ੍ਰੇਰਕ ਸ਼੍ਰੀ ਆਦਿਤਯ ਮਦਾਨ, ਐਕਸੀਅਨ ਵਾਟਰ ਸਪਲਾਈ ਸ਼ੀ੍ਰ ਰਵਿੰਦਰ ਬਾਂਸਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ, ਡਾ. ਬਲਜੀਤ ਕੌਰ, ਸ਼੍ਰੀ ਅਵਤਾਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here