

ਨਵੀਂ ਦਿੱਲੀ(ਸਾਰਾ ਯਹਾ): ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਜਲਦ ਹੀ 4 ਰੁਪਏ ਦਾ ਵਾਧਾ ਹੋ ਸਕਦਾ ਹੈ। ਕੋਟਕ ਇੰਸਟੀਚਿਊਸ਼ਨਲ ਐਕਟੀਵਿਟੀਜ਼ ਦੀ ਰਿਪੋਰਟ ’ਚ ਕਿਹਾ ਹੈ ਕਿ ਜੇ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਕਰਨਾਟਕ ਚੋਣਾਂ ਤੋਂ ਪਹਿਲਾਂ ਦੇ ਮਾਰਜਨ ਨੂੰ ਬਰਕਰਾਰ ਰੱਖਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਕੀਮਤਾਂ ਵਿੱਚ ਚਾਰ ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨਾ ਪਵੇਗਾ।
ਕਰਨਾਟਕ ਚੋਣਾਂ ਦੇ ਤੁਰੰਤ ਖ਼ਤਮ ਹੋਣ ਤੋਂ ਬਾਅਦ ਇੰਡਾਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਤੇ ਭਾਰਤ ਪੈਟਰੋਲੀਅਮ ਨੇ 19 ਦਿਨਾਂ ਬਾਅਦ ਸੋਮਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ।
ਉਸ ਤੋਂ ਬਾਅਦ ਪੈਟਰੋਲ ਦੀਆਂ ਕੀਮਤਾਂ 69 ਪੈਸੇ ਪ੍ਰਤੀ ਲੀਟਰ ਵਧ ਚੁੱਕੀਆਂ ਹਨ। ਇਸ ਵਿੱਚੋਂ 22 ਪੈਸੇ ਪ੍ਰਤੀ ਲੀਟਰ ਦਾ ਵਾਧਾ ਅੱਜ ਹੋਇਆ ਹੈ। ਇਸ ਨਾਲ ਦਿੱਲੀ ’ਚ ਪੈਟਰੋਲ 75.32 ਲੀਟਰ ਨੂੰ ਪਹੁੰਚ ਗਿਆ ਹੈ ਜੋ 5 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ 86 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਆਇਲ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੰਨ ਤੋਂ ਚਾਰ ਤੇ ਪੈਟਰੋਲ ਵਿੱਚ 4 ਤੋਂ 4.55 ਰੁਪਏ ਲੀਟਰ ਦਾ ਵਾਧਾ ਕਰਨਾ ਪਵੇਗਾ ਤਾਂ ਹੀ ਉਹ 2.7 ਰੁਪਏ ਲੀਟਰ ਦਾ ਗਰੌਸ ਮਾਰਕਿਟ ਮਾਰਜਨ ਹਾਸਲ ਕਰ ਪਾਉਣਗੀਆਂ। ਇਸ ਵਾਧੇ ਦਾ ਅਨੁਮਾਨ ਰੁਪਏ ਡਾਲਰ ਦੀ ਦਰ ਸਥਿਰ ਰਹਿਣ ਦੇ ਅਨੁਮਾਨ ’ਤੇ ਆਧਾਰਿਤ ਹੈ।
ਪਿਛਲੇ ਹਫ਼ਤੇ ਆਈਸੀਆਈਸੀਆਈ ਸਕਿਉਰਟੀਜ਼ ਨੇ ਕਿਹਾ ਸੀ ਕਿ ਗਰੌਸ ਮਾਰਕਿਟ ਮਾਰਜਨ 31 ਪੈਸੇ ਪ੍ਰਤੀ ਲੀਟਰ ਦੇ ਹੇਠਲੇ ਪੱਧਰ ’ਤੇ ਹੈ ਕਿਉਂਕਿ 24 ਅਪਰੈਲ ਤੋਂ ਬਾਅਦ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।
First Published: Thursday, 17 May 2018























