

ਮਾਨਸਾ, 23 ਫਰਵਰੀ (ਸਾਰਾ ਯਹਾਂ/ਜੋਨੀ ਜਿੰਦਲ) : ਸ਼ਹਿਰ ਦੇ ਚੁਗਲੀ ਘਰ ਨੇੜੇ ਪੁਰਾਤਨ ਖੂਹ ’ਤੇ ਉਸਾਰੇ ਇੱਕ ਧਾਰਮਿਕ ਸਥਾਨ ਨੂੰ ਢਹਾਉਣ ਨੂੰ ਲੈਕੇ ਕਿਸਾਨ ਜਥੇਬੰਦੀਆਂ,ਸ਼ਹਿਰ ਵਾਸੀ ਅਤੇ ਸ਼ਰਧਾਲੂ ਖੁੱਲ੍ਹਕੇ ਵਿਰੋਧ ਵਿੱਚ ਆ ਗਏ ਹਨ।ਪ੍ਰਸ਼ਾਸਨ ਖਿਲਾਫ਼ ਜਥੇਬੰਦਕ ਧਿਰਾਂ ਵੱਲੋਂ ਦਿੱਤੇ ਧਰਨੇ ਦੌਰਾਨ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਧਾਰਮਿਕ ਸਥਾਨ ਨੂੰ ਕਿਸੇ ਵੀ ਤਰੀਕਾ ਨਾਲ ਢਹਾਉਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਤਾਕਤਾਂ ਵੱਲੋਂ ਇਸ ਧਾਰਮਿਕ ਸਥਾਨ ਨੂੰ ਢਹਾਕੇ ਫਿਰਕੂ ਤਾਕਤਾਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਦਾਲਤ ਦੇ ਹੁਕਮਾਂ ’ਤੇ ਨਗਰ ਕੌਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ, ਤਹਿਸੀਲਦਾਰ ਗੁਰਪ੍ਰੀਤ ਕੌਰ ਭਾਰੀ ਪੁਲੀਸ ਫੋਰਸ ਨਾਲ ਇਸ ਧਾਰਮਿਕ ਸਥਾਨ ਨੂੰ ਢਹਾਉਣ ਲਈ ਪਹੁੰਚੇ ਸਨ। ਜਿਸ ਦੌਰਾਨ ਸ਼ਰਧਾਲੂਆਂ ਅਤੇ ਸ਼ਹਿਰੀਆਂ ਨੇ ਇਸ ਖਿਲਾਫ਼ ਧਰਨਾ ਲਗਾਕੇ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਬੇਰੰਗ ਮੁੜਨਾ ਪਿਆ ਸੀ।
ਅੱਜ ਇਥੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਇਹ ਖੂਹ ਵਾਲੀ ਜਗ੍ਹਾ 100 ਸਾਲ ਤੋਂ ਵੱਧ ਪੁਰਾਣੀ ਹੈ। ਕਰੀਬ 60 ਵਰ੍ਹੇ ਪਹਿਲਾਂ ਸ਼ਹਿਰ ਵਿੱਚ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਮਿਲਣ ’ਤੇ ਇਸ ਖੂਹ ਨੂੰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਸ ਨੂੰ ਲੋਕ ਸੱਥ ਵਜੋਂ ਵਰਤਣ ਲੱਗੇ ਅਤੇ ਮੀਂਹਾਂ ਦੇ ਮੌਸਮ ਦੌਰਾਨ ਇਸ ਖੂਹ ਨੇ ਸਾਰਾ ਪਾਣੀ ਆਪਣੇ ਅੰਦਰ ਸਮਾਕੇ ਆਸੇ-ਪਾਸੇ ਦੇ ਮੁਹੱਲਾ ਵਾਸੀਆਂ ਨੂੰ ਬਚਿਆ ਸੀ ਅਤੇ ਲੋਕਾਂ ਨੇ ਇੱਥੇੰ ਧਾਰਮਿਕ ਸਥਾਨ ਉਸਾਰਕੇ ਇਸ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸੁਆਰਥੀ ਲੋਕਾਂ ਨੇ ਅਦਾਲਤ ਨੂੰ ਗੁੰਮਰਾਹ ਕਰਕੇ ਇਸ ਨੂੰ ਢਹਾਉਣ ਦੇ ਹੁਕਮ ਲੈ ਲਏ ਅਤੇ ਇਸ ’ਤੇ ਕਿਸੇ ਦਾ ਕੋਈ ਨਿੱਜੀ ਹੱਕ ਨਹੀਂ ਹੈ ਅਤੇ ਉਹ ਇਸ ਸਥਾਨ ਨੂੰ ਕਿਸੇ ਵੀ ਕੀਮਤ ’ਤੇ ਢਹਾਉਣ ਨਹੀਂ ਦੇਣਗੇ।
ਸੀਪੀਆਈ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਇਸ ਜਗ੍ਹਾ ਨੂੰ ਢਹਾਉਣ ਪਿੱਛੇ ਫਿਰਕੂ ਤਾਕਤਾਂ ਦਾ ਹੱਥ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਤਾਕਤਾਂ ਫਿਰਕੂ ਨਫ਼ਰਤ ਫੈਲਾਕੇ ਆਪਣੀ ਸਿਆਸਤ ਚਮਕਾਉਣਾ ਚਾਹੁੰਦੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਜਗ੍ਹਾ ਢਹਾਉਣ ਦੀ ਕੋਸ਼ਿਸ ਕੀਤੀ ਗਈ ਤਾਂ ਇਸ ਦੇ ਜਬਰਦਸਤ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਹਾਲਤ ’ਚ ਇਸ ਨੂੰ ਢਹਾਉਣ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਰਣਧੀਰ ਸਿੰਘ ਧੀਰਾ,ਨਿਰਮਲ ਸਿੰਘ ਝੰਡੂਕੇ, ਕਰਨੈਲ ਸਿੰਘ ਮਾਨਸਾ, ਬਿੱਟੂ ਸਿੰਘ,ਕਾਲਾ ਸਿੰਘ, ਪੂਨਮ ਸ਼ਰਮਾਂ ਨੇ ਵੀ ਸੰਬੋਧਨ ਕੀਤਾ।























