

ਝੁਨੀਰ 11 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਇਥੋਂ ਥੋੜੀ ਦੂਰ ਥਾਣਾ ਝੁਨੀਰ ਅੰਦਰ ਪੈਂਦੇ ਪਿੰਡ ਭੰਮੇ ਖੁਰਦ ਵਿਖੇ ਕਿਸਾਨ ਅਰਸ਼ਦੀਪ ਸਿੰਘ ਪੁੱਤਰ ਸਿੰਦਰ ਸਿੰਘ ਦੇ ਘਰ ਅਚਾਨਕ ਕੱਲ੍ਹ ਦੇਰ ਰਾਤ ਤਕਰੀਬਨ 2 ਵਜੇ ਅੱਗ ਲੱਗ ਗਈ ਜਿਸ ਨਾਲ ਖੇਤੀ ਮਸ਼ੀਨਰੀ ਸਮੇਤ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਘਰ ਵਿੱਚ ਖੜਾ ਜੋਂਡੀਅਰ ਟਰੈਕਟਰ ਸੜ ਕੇ ਸੁਆਹ ਹੋ ਗਿਆ, ਘਰ ਵਿੱਚ ਖੜੀ ਕਣਕ ਝੋਨਾ ਵੱਢਣ ਵਾਲੀ ਕੰਬਾਈਨ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ, ਘਰ ਵਿੱਚ ਲਿਆਂਦੇ ਦੋ ਕੰਬਾਈਨਲ ਲਈ ਨਵੇਂ ਟਾਇਰ ਸੜ ਕੇ ਸਵਾਹ ਹੋ ਗਏ ਪਸ਼ੂਆਂ ਲਈ ਬਣਾਏ ਸਟੋਰ ਵਿੱਚ ਰੱਖੀ ਤੂੜੀ ਵੀ ਅੱਗ ਨਾਲ ਸੜ ਗਈ ਜਿਸ ਨਾਲ ਪਾਏ ਬਰਾਂਡੇ ਤੇ ਸੈਡ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਕਿਸਾਨ ਨੇ ਕਿਹਾ ਕਿ ਹੋਰ ਵੀ ਘਰ ਵਿੱਚ ਪਿਆ ਸਮਾਨ ਸੜ ਗਿਆ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਆਸ ਪਾਸ ਦੇ ਲੋਕਾਂ ਨੂੰ ਸੂਚਨਾ ਕੀਤੀ ਗਈ ਅਤੇ ਲੋਕਾਂ ਦੀ ਮਦਦ ਨਾਲ ਮਿਲ ਕੇ ਅੱਗ ਤੇ ਕਾਬੂ ਪਾਇਆ ਗਿਆ । ਪਰ ਅੱਗ ਲੱਗਣ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ। ਕਿਸਾਨ ਅਰਸਦੀਪ ਸਿੰਘ ਨੇ ਭਰੇ ਮਾਨ ਨਾਲ ਕਿਹਾ ਕਿ ਉਨਾਂ ਨੇ ਖੇਤੀ ਲਈ ਵਰਤੇ ਜਾਣ ਵਾਲੇ ਸੰਦ ਲੋਨ ਉੱਤੇ ਲਏ ਸਨ ਜਿਨ੍ਹਾਂ ਨਾਲ ਦੂਸਰੇ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਕੇ ਬੈਂਕ ਦੀ ਕਿਸ਼ਤ ਮੋੜੀ ਜਾਂਦੀ ਸੀ। ਅੱਗ ਲੱਗਣ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਪਟਵਾਰੀ ਅਤੇ ਏਐਸਆਈ ਅਵਤਾਰ ਸਿੰਘ ਥਾਣਾ ਝੁਨੀਰ ਵਲੋਂ ਮੌਕੇ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਗਈ।
ਮੌਕੇ ਤੇ ਪਹੁੰਚੇ ਆਪ ਦੇ ਹਲਕਾ ਮੀਡੀਆ ਕੋਆਰਡੀਨੇਟਰ ਗੁਰਮੇਲ ਸਿੰਘ ਭੰਮਾਂ ਨੇ ਕਿਹਾ ਕਿ ਹੋਏ ਨੁਕਸਾਨ ਦੀ ਛੇਤੀ ਤੋਂ ਛੇਤੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਕਿਸਾਨ ਦੀ ਆਰਥਿਕ ਮਦਦ ਸਰਕਾਰ ਵੱਲੋਂ ਕੀਤੀ ਜਾਵੇਗੀ। ਉਹਨਾਂ ਕਿਸਾਨ ਅਰਸਦੀਪ ਸਿੰਘ ਨੂੰ ਸਰਕਾਰ ਵੱਲੋਂ ਮਦਦ ਦਾ ਭਰੋਸਾ ਦਿੱਤਾ।






















