

ਗੜਸ਼ੰਕਰ/ਪਾਕਿਸਤਾਨ(ਸਾਰਾ ਯਹਾ) — ਵਿਸਾਖੀ ਮਨਾਉਣ ਜਥੇ ਦੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਆਮਨਾ ਸ਼ਰੀਫ ਵੱਲੋਂ ਇਸਲਾਮ ਕਬੂਲ ਕਰਕੇ ਵਿਆਹ ਕਰਨ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਕਿਰਨ ਬਾਲਾ ਉਰਫ ਆਮਨਾ ਬੀਬੀ ਦੀ ਸੱਸ ਬਿਸ਼ਨ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਇਆ ਕਿ ਕਿਰਨ ਦੇ ਆਪਣੇ ਸਹੁਰੇ ਤਰਸੇਮ ਸਿੰਘ ਦੇ ਨਾਲ ਨਾਜਾਇਜ਼ ਸੰਬੰਧ ਸਨ। ਉਹ ਦੋਵੇਂ ਇਕ ਹੀ ਕਮਰੇ ‘ਚ ਸੌਂਦੇ ਸਨ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਲੋਕ ਪਰਿਵਾਰ ਦੀ ਬਦਨਾਮੀ ਕਰਕੇ ਚੁੱਪ ਰਹੇ ਪਰ ਹੁਣ ਜਦੋਂ ਉਸ ਦਾ ਪਤੀ ਕਿਰਨ ਦੇ ਬੱਚਿਆਂ ਦੇ ਨਾਂ ‘ਤੇ ਲੋਕਾਂ ਤੋਂ ਹਰਮਦਰਦੀ ਲੈ ਕੇ ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਲੱਗਾ ਤਾਂ ਉਸ ਨੇ ਉਸ ਦੇ ਖਿਲਾਫ ਬੋਲਣ ਦਾ ਸਾਹਸ ਕੀਤਾ।

ਪੁੱਤ ਦੀ ਮੌਤ ਹੋਣ ‘ਤੇ ਹੋਇਆ ਸੀ ਕਿਰਨ ‘ਤੇ ਸ਼ੱਕ
ਬਿਸ਼ਨ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਨਰਿੰਦਰ ਦਾ ਕਿਰਨ ਨਾਲ ਸਾਲ 2005 ‘ਚ ਵਿਆਹ ਹੋਇਆ ਸੀ। ਤਿੰਨੋਂ ਬੱਚੇ ਕਿਰਨ ਦੇ ਹੀ ਹਨ। 2013 ‘ਚ ਨਰਿੰਦਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਉਸ ਨੇ ਅੱਗੇ ਦੱਸਿਆ ਕਿ ਪੁੱਤ ਦੀ ਮੌਤ ਤੋਂ ਬਾਅਦ ਕਿਰਨ ‘ਤੇ ਸ਼ੱਕ ਹੋਇਆ ਕਿ ਸ਼ਾਇਦ ਇਹ ਸਭ ਉਸ ਨੇ ਕਰਵਾਇਆ ਹੋਵੇ ਪਰ ਉਹ ਆਪਣੀ ਇੱਜ਼ਤ ਦੇ ਕਾਰਨ ਚੁੱਪ ਰਹੇ। ਪਤੀ ਦੀ ਮੌਤ ਦੇ ਬਾਅਦ ਕਿਰਨ ਜਦੋਂ ਪੇਕੇ ਘਰ ਚਲੀ ਗਈ ਸੀ ਤਾਂ ਸਹੁਰਾ ਤਰਸੇਮ ਸਿੰਘ ਆਪਣੀ ਜ਼ਿੰਮੇਵਾਰੀ ‘ਤੇ ਉਸ ਨੂੰ ਘਰ ਵਾਪਸ ਲੈ ਆਇਆ ਅਤੇ ਦੋਵੇਂ ਇਕ ਹੀ ਕਮਰੇ ‘ਚ ਰਹਿਣ ਲੱਗੇ। ਉਸ ਨੇ ਦੱਸਿਆ ਕਿ ਇਹ ਹੀ ਨਹੀਂ ਦੋਹਾਂ ਨੇ ਸਾਜਿਸ਼ ਦੇ ਤਹਿਤ ਪੂਰੇ ਪਰਿਵਾਰ ਨੂੰ ਬੇਦਖਲ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਬਿਸ਼ਨ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਕਿਰਨ ਨੂੰ ਪਾਕਿਸਤਾਨ ਭੇਜਣ ਵਾਲਾ ਵੀ ਉਸ ਦਾ ਪਤੀ ਤਰਸੇਮ ਸਿੰਘ ਹੀ ਹੈ।

ਉਥੇ ਹੀ ਦੂਜੇ ਪਾਸੇ ਤਰਸੇਮ ਸਿੰਘ ਨੇ ਪਤਨੀ ਬਿਸ਼ਨ ਕੌਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਦੋਵੇਂ ਇਕੋ ਕਮਰੇ ‘ਚ ਸੌਂਦੇ ਜ਼ਰੂਰ ਸਨ ਪਰ ਉਨ੍ਹਾਂ ‘ਚ ਕੋਈ ਵੀ ਨਾਜਾਇਜ਼ ਸੰਬੰਧ ਨਹੀਂ ਹਨ। ਇਸ ਦੇ ਨਾਲ ਹੀ ਤਰਸੇਮ ਨੇ ਕਿਹਾ ਕਿ ਉਸ ਦੀ ਪਤਨੀ ਇਸ ਕਰਕੇ ਝੂਠ ਬੋਲ ਰਹੀ ਹੈ ਕਿਉਂਕਿ ਉਸ ਨੇ ਉਸ ਨੂੰ ਬੇਦਖਲ ਕਰ ਦਿੱਤਾ ਹੋਇਆ ਹੈ।
EDITED BY : SARA YAHA PUNJABI NEWS























