

ਚੰਡੀਗੜ੍ਹ,(ਸਾਰਾ ਯਹਾ )— ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦੇ ਨਿਰਧਾਰਿਤ ਪ੍ਰੋਗਰਾਮ ਦੇ ਬਾਵਜੂਦ ਅੱਜ ਪਹਿਲੇ ਦਿਨ ਗਿੱਲਾ ਝੋਨਾ ਮੰਡੀਆਂ ਵਿਚ ਆਉਣ ਕਾਰਨ ਉਸ ਦੀ ਖਰੀਦ ਨਹੀਂ ਹੋਈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਖੰਨਾ ਤੇ ਕੁਝ ਹੋਰ ਮੰਡੀਆਂ ਵਿਚ ਕੁਝ ਕਿਸਾਨ ਝੋਨਾ ਤਾਂ ਲੈ ਕੇ ਆਏ ਸਨ ਪਰ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖਰੀਦ ਏਜੰਸੀਆਂ ਵਲੋਂ ਇਸ ਦੀ ਖਰੀਦ ਤੋਂ ਅਸਮਰਥਤਾ ਪ੍ਰਗਟ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ‘ਚ ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਕਈ ਜ਼ਿਲਿਆਂ ‘ਚ ਝੋਨੇ ਦੀ ਤਿਆਰ ਫਸਲ ਡਿੱਗਣ ਕਾਰਨ ਪਾਣੀ ‘ਚ ਡੁੱਬ ਗਈ ਸੀ। ਸਥਿਤੀ ਨੂੰ ਦੇਖਦਿਆਂ ਕਈ ਥਾਵਾਂ ‘ਤੇ ਕਿਸਾਨਾਂ ਨੇ ਧੁੱਪ ਨਿਕਲਣ ਤੋਂ ਬਾਅਦ ਗਿੱਲੀ ਫਸਲ ਦੀ ਹੀ ਕਟਾਈ ਕਰ ਲਈ। ਜਿਸ ‘ਚ ਅਜੇ ਵੀ ਨਮੀ ਬਰਕਰਾਰ ਹੈ। ਇਸ ਤਰ੍ਹਾਂ ਝੋਨੇ ਦੀ ਖਰੀਦ ਦਾ ਕੰਮ ਅਜੇ ਤਿੰਨ-ਚਾਰ ਦਿਨ ਹੋਰ ਪੱਛੜ ਕੇ ਸ਼ੁਰੂ ਹੋਣ ਦੇ ਆਸਾਰ ਹਨ ਕਿਉਂਕਿ ਖਰੀਦ ਏਜੰਸੀਆਂ ਵਲੋਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਫਸਲ ਵੇਚਣ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਭਾਵੇਂ ਮੰਡੀਆਂ ਵਿਚ ਖਰੀਦ ਦੇ ਪ੍ਰਬੰਧ ਮੁਕੰਮਲ ਹਨ ਪਰ ਹਾਲੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਖਰੀਦ ਦੀ ਅਦਾਇਗੀ ਕਰਨ ਲਈ ਜਾਰੀ ਹੋਣ ਵਾਲੀ ਰਾਸ਼ੀ ਸਬੰਧੀ ਸੀ. ਸੀ. ਲਿਮਟ ਵੀ ਮਨਜ਼ੂਰ ਨਹੀਂ ਕੀਤੀ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਵਲੋਂ ਇਹ ਰਾਸ਼ੀ ਮਨਜ਼ੂਰ ਕਰਵਾਉਣ ਲਈ 3 ਅਕਤੂਬਰ ਨੂੰ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਖੁਦ ਪ੍ਰਧਾਨ ਮੰਤਰੀ ਤੇ ਕੇਂਦਰੀ ਖੁਰਾਕ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਤੱਕ ਪਹੁੰਚ ਕੀਤੀ ਜਾਵੇਗੀ। ਸੂਬਾ ਸਰਕਾਰ ਵਲੋਂ ਇਸੇ ਹਫ਼ਤੇ ਰਾਸ਼ੀ ਮਨਜ਼ੂਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
EDITED BY : SARA YAHA | | Last Updated : 6:50 pm 02 October 2018























