

ਫਗਵਾੜਾ 23 ਅਪ੍ਰੈਲ (ਸਾਰਾ ਯਹਾਂ/ਸ਼ਿਵ ਕੌੜਾ) ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਵਿਰੁੱਧ ਗੁੱਸਾ ਜ਼ਾਹਰ ਕਰਦਿਆਂ ਫਗਵਾੜਾ ’ਚ ਹਿੰਦੂ ਸੰਗਠਨਾਂ ਨੇ ਮੰਗਲਵਾਰ ਨੂੰ ਪਾਕਿਸਤਾਨੀ ਝੰਡਾ ਸਾੜਿਆ। ਇਸ ਤੋਂ ਪਹਿਲਾਂ ਪ੍ਰਾਚੀਨ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਪਹਿਲਗਾਮ ਦੇ ਸ਼ਹੀਦ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਸੂਬਾ ਉਪ-ਪ੍ਰਧਾਨ ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਰਵੀ ਦੱਤ, ਸ਼ਿਵ ਸੈਨਾ (ਯੂਬੀਟੀ) ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਸੈਣੀ, ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਪੰਜਾਬ ਪ੍ਰਧਾਨ ਦੀਪਕ ਭਾਰਦਵਾਜ ਦੀ ਅਗਵਾਈ ਹੇਠ ਜੀਟੀ ਰੋਡ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ ਗਿਆ। ਪਾਕਿਸਤਾਨੀ ਝੰਡਾ ਅੱਗ ਦੀ ਭੇਟ ਕਰਨ ਉਪਰੰਤ ਤਿੱਖੀ ਨਾਅਰੇਬਾਜੀ ਦੌਰਾਨ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਪਹਿਲਗਾਮ ਵਿੱਚ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵੱਲੋਂ ਅੰਜਾਮ ਦਿੱਤੀ ਗਈ ਕਾਇਰਤਾਪੂਰਨ ਘਟਨਾ ਦੀ ਜਿੰਨੀ ਨਖੇਦੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਸੈਲਾਨੀਆਂ ਤੋਂ ਉਨ੍ਹਾਂ ਦੀ ਹਿੰਦੂ ਪਛਾਣ ਬਾਰੇ ਪੁੱਛਣਾ ਅਤੇ ਫਿਰ ਉਨ੍ਹਾਂ ਨੂੰ ਹਿੰਦੂ ਹੋਣ ਦੀ ਵਜ੍ਹਾ ਨਾਲ ਮੌਤ ਦੇ ਘਾਟ ਉਤਾਰਨਾ ਦੁਨੀਆ ਭਰ ਦੇ ਸਮੁੱਚੇ ਹਿੰਦੂ ਭਾਈਚਾਰੇ ਲਈ ਇੱਕ ਖੁੱਲ੍ਹੀ ਚੁਣੌਤੀ ਹੈ। ਅਜਿਹੀ ਨਿੰਦਣਯੋਗ ਘਟਨਾ ਤੋਂ ਬਾਅਦ ਵੀ ਜਿਸ ਹਿੰਦੂ ਦਾ ਖੂਨ ਨਾ ਖੌਲੇ, ਖੂਨ ਨਹੀਂ ਓਹ ਪਾਣੀ ਹੈ। ਇੰਦਰਜੀਤ ਕਰਵਲ ਅਤੇ ਹੋਰਨਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਹਿਣਸ਼ੀਲਤਾ ਦੀ ਵੀ ਇੱਕ ਹੱਦ ਹੁੰਦੀ ਹੈ ਅਤੇ ਹੁਣ ਉਹ ਹੱਦ ਟੁੱਟ ਗਈ ਹੈ। ਇਸ ਲਈ, ਉਹ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਵਾਰ ਨਾ ਸਿਰਫ਼ ਪਾਕਿਸਤਾਨ ਦਾ ਪੱਕਾ ਇਲਾਜ ਕੀਤਾ ਜਾਵੇ, ਸਗੋਂ ਉਨ੍ਹਾਂ ਗੱਦਾਰਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਭਾਰਤ ਦਾ ਖਾਂਦੇ ਹਨ ਪਰ ਪਾਕਿਸਤਾਨ ਦੇ ਗੁਣ ਗਾਉਂਦੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਸਥਾਨਕ ਸਮਰਥਨ ਤੋਂ ਬਿਨਾਂ ਕਦੇ ਵੀ ਅੰਜਾਮ ਨਹੀਂ ਦਿੱਤਾ ਜਾ ਸਕਦਾ। ਬੁਲਾਰਿਆਂ ਨੇ ਉਨ੍ਹਾਂ ਆਗੂਆਂ ’ਤੇ ਵੀ ਸ਼ਬਦੀ ਹਮਲਾ ਕੀਤਾ ਜਿਨ੍ਹਾਂ ਨੇ ਇਸ ਅਣਮਨੁੱਖੀ ਘਟਨਾ ਦੀ ਨਖੇਦੀ ਕਰਨ ਦੀ ਬਜਾਏ ਚੁੱਪ ਧਾਰ ਲਈ ਹੈ। ਸ਼ਿਵ ਸੈਨਾ ਆਗੂਆਂ ਨੇ ‘ਮੋਦੀ ਸਰਕਾਰ ਕਦਮ ਵਧਾਓ, ਪਾਕਿ ਦਾ ਨਾਮੋ ਨਿਸ਼ਾਨ ਮਿਟਾਓ’ ਦਾ ਨਾਅਰਾ ਵੀ ਲਗਾਇਆ। ਇਸ ਮੌਕੇ ਇੰਦਰਜੀਤ ਕਾਲੜਾ, ਰਮਨ ਛਾਬੜਾ, ਸਲੋਨੀ ਜੈਨ, ਮਨਦੀਪ ਕੌਰ, ਕੋਮਲ ਕਵਾਤਰਾ, ਪੰਕਜ ਚਾਵਲਾ, ਕੌਂਸਲਰ ਬੀਰਾ ਰਾਮ ਵਲਜੋਤ, ਲਵਨੀਸ਼ ਸ਼ਰਮਾ, ਸੰਜੀਵ ਘਈ, ਅੰਕੁਰ ਬੇਦੀ, ਰਮਨ ਸ਼ਰਮਾ, ਅਸ਼ੋਕ ਆਹੂਜਾ, ਬਾਰ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਰਵਿੰਦਰ ਸ਼ਰਮਾ (ਨੀਟਾ), ਸ਼ਮਸ਼ੇਰ ਬੀ.ਟੀ.ਯੂ., ਸ਼ਮਸ਼ੇਰ ਬੀ.ਟੀ.ਆਈ. ਯੂਨੀਅਨ ਦੇ ਪ੍ਰਧਾਨ ਧਰਮਿੰਦਰ, ਅਮਨ, ਹਰਵਿੰਦਰ, ਬਿੱਲਾ, ਸਤਿੰਦਰ ਸੈਣੀ, ਕਰਨ ਪੰਡਿਤ, ਸੰਜੀਵ ਘਈ, ਚੰਦਰ ਮੋਹਨ ਗੁਲਾਟੀ, ਬਿੱਟੂ ਭਮਰਾ, ਡੈਨੀ ਧੀਰ, ਰੁਪੇਸ਼ ਧੀਰ, ਪੁਨੀਤ, ਹੈਰੀ, ਦੀਪਾ, ਵਿਨੈ ਕੌਸ਼ਲ ਆਦਿ ਹਾਜ਼ਰ ਸਨ।























