

ਮਾਨਸਾ, 06 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ): ਆਵਾਰਾ ਪਸ਼ੂਆਂ ਦੇ ਹੱਲ ਲਈ ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ ਵੱਲੋਂ ਪਿੰਡਾਂ ਵਿੱਚ ਜਾ ਕੇ ਪਸ਼ੂਆਂ ਨੂੰ ਆਵਾਰਾ ਨਾ ਛੱਡਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ 5 ਫਰਵਰੀ 2020 ਨੂੰ ਪਿੰਡ ਕੋਟੜਾ ਵਿਖੇ ਅਵਾਰਾ ਪਸ਼ੂਆਂ ਦੇ ਹੱਲ ਲਈ ਕੈਂਪ ਲਗਾਇਆ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ. ਮਾਨਸਾ ਨੇ ਦੱਸਿਆ ਕਿ ਆਮ ਹੀ ਲੋਕ ਗਊ-ਮੱਝਾਂ ਦਾ ਦੁੱਧ ਪੀਣ ਉਪਰੰਤ ਜਾਂ ਖੇਤੀ ਦੇ ਕੰਮ ਲਈ ਸਹਿਯੋਗ ਦੇਣ ਵਾਲੇ ਪਸ਼ੂਆਂ ਤੋਂ ਕੰਮ ਲੈ ਕੇ ਉਨ੍ਹਾਂ ਨੂੰ ਅਵਾਰਾ ਛੱਡ ਦਿੰਦੇ ਹਨ, ਜੋ ਬਹੁਤ ਵੱਡਾ ਪਾਪ ਹੈ। ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਆਪਣੀ ਨਿੱਜੀ ਜਿੰਮੇਵਾਰੀ ਬਣਦੀ ਹੈ। ਇੱਥੋਂ ਤੱਕ ਕਿ ਅਵਾਰਾ ਪਸ਼ੂਆਂ ਨੂੰ ਛੱਡਣ ਨਾਲ ਐਕਸੀਡੈਂਟ ਵੀ ਹੋ ਜਾਂਦੇ ਹਨ, ਜਿਸ ਵਿੱਚ ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਕਈ ਵਾਰ ਪਸ਼ੂਆਂ ਨੂੰ ਕੋਈ ਕੁੱਤਾਂ ਜਾਂ ਜ਼ਹਰੀਲਾ ਜਾਨਵਰ ਕੱਟ ਲੈਂਦਾ ਹੈ, ਜਿਸ ਕਰਕੇ ਉਨ੍ਹਾਂ ਦੇ ਭਾਰੀ ਜਖਮ ਬਣ ਜਾਂਦੇ ਹਨ ਅਤੇ ਪਸ਼ੂਆਂ ਦੀ ਦੁਰਦਸ਼ਾ ਹੋ ਜਾਂਦੀ ਹੈ, ਜੋ ਬਹੁਤ ਮਾੜੀ ਗੱਲ ਹੈ।
ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਕੋਟੜਾ ਵਿਖੇ ਰੱਖੇ ਗਏ ਕੈਂਪ ਵਿੱਚ ਪੰਚਾਇਤ ਅਤੇ ਨੰਬਰਦਾਰ ਯੂਨੀਅਨ ਨੇ ਸ੍ਰੀ ਨਾਜਰ ਸਿੰਘ ਨੰਬਰਦਾਰ ਦੀ ਨੁੰਮਾਇਦਗੀ ਹੇਠ ਭਾਗ ਲਿਆ। ਉਨ੍ਹਾਂ ਵੱਲੋਂ ਪ੍ਰਸ਼ਾਸ਼ਨ ਨੂੰ ਪੁਰਜੋਰ ਭਰੋਸਾ ਦਿੱਤਾ ਗਿਆ ਹੈ ਕਿ ਉਹ ਪਿੰਡ ਦੇ ਵਿੱਚ ਪਲ ਰਹੇ ਪਸ਼ੂਆਂ ਨੂੰ ਆਵਾਰਾ ਨਹੀਂ ਛੱਡਣਗੇ। ਇਸ ਗੱਲ ਤੇ ਲੋਕਾਂ ਵੱਲੋਂ ਪ੍ਰਣ ਕੀਤਾ ਹੈ ਕਿ ਪਿੰਡ ਦੇ ਲੋਕ ਇਸ ਸਬੰਧੀ ਪੂਰਾ ਸਹਿਯੋਗ ਦੇਣਗੇ ਅਤੇ ਬਾਕੀ ਪਿੰਡਾਂ ਵਿੱਚ ਵੀ ਇਸ ਸਬੰਧੀ ਦੱਸਣਗੇ। ਅਵਾਰਾ ਪਸ਼ੂਆਂ ਸਬੰਧੀ ਐਸ.ਡੀ.ਐਮ. ਵੱਲੋਂ ਪੱਤੀ ਵਾਈਜ਼ ਨੰਬਰਦਾਰਾਂ ਦੇ ਰਜਿਸਟਰ ਲਗਾਏ ਗਏ ਹਨ, ਉਸ ਰਜਿਸਟਰ ਵਿੱਚ ਪੱਤੀ ਵਾਈਜ਼ ਪਸ਼ੂ ਦਰਜ ਕੀਤੇ ਗਏ ਹਨ। ਨਵ ਜਨਮੇੇ ਪਸ਼ੂਆਂ ਨੂੰ ਵੀ ਉਸ ਰਜਿਸਟਰ ਵਿੱਚ ਦਰਜ ਕਰਨ ਲਈ ਕਿਹਾ ਗਿਆ ਹੈ।
ਇਸ ਪ੍ਰੋਗਰਾਮ ਵਿੱਚ ਪਿੰਡ ਦੇ ਲੋਕਾਂ, ਨੰਬਰਦਾਰ ਯੂਨੀਅਨ, ਪੰਚਾਇਤ, ਇਸਤਰੀਆਂ ਵੱਲੋਂ ਭਾਗ ਲਿਆ ਗਿਆ ਅਤੇ ਇਹ ਵੀ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਆਪਣੇ ਵੱਲੋਂ ਖੂਬ ਓਪਰਾਲਾ ਕਰਨਗੇ। ਅੰਤ ਵਿੱਚ ਐਸ.ਡੀ.ਐਮ. ਵੱਲੋਂ ਕੈਂਪ ਵਿੱਚ ਆਏ ਸਾਰੇ ਲੋਕਾਂ/ਨੰਬਰਦਾਰਾਂ ਆਦਿ ਦਾ ਇਸ ਓਪਰਾਲੇ ਲਈ ਧੰਨਵਾਦ ਕੀਤਾ ਗਿਆ।























