ਨੌਜਵਾਨ ਨਾਲ ਕੁੱਟਮਾਰ ਮਾਮਲੇ ‘ਤੇ ਖਹਿਰਾ ਤੇ ਚੀਮਾ ਪਹੁੰਚੇ ਹਸਪਤਾਲ

0
2

ਪਟਿਆਲਾ (ਸਾਰਾ ਯਹਾ) : ਸਨੌਰ ਥਾਣੇ ਵਿੱਚ ਕੱਲ੍ਹ ਨੌਜਵਾਨ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਸਿਆਸੀ ਰੰਗਤ ਫੜ੍ਹਦਾ ਜਾ ਰਿਹਾ ਹੈ। ਇਸ ਦੇ ਚਲਦੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਰਾਜਿੰਦਰਾ ਹਸਪਤਾਲ ਵਿੱਚ ਜ਼ਖਮੀ ਲੜਕੇ ਨਾਲ ਗੱਲਬਾਤ ਕੀਤੀ, ਉੱਥੇ ਹੀ ਬਾਗੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਵੱਲੋਂ ਵੀ ਮੁਲਾਕਾਤ ਕੀਤੀ ਗਈ।

ਖਹਿਰਾ ਨੇ ਇਸ ਮੁੱਦੇ ਨੂੰ ਕਾਨੂੰਨ ਵਿਵਸਥਾ ਦਾ ਫੇਲ੍ਹ ਹੋਣਾ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਵਿੱਚ ਅਜਿਹੀ ਘਟਨਾ ਹੋਣਾ ਬੇਹੱਦ ਸ਼ਰਮਨਾਕ ਹੈ। ਪੀੜਤ ਅਮਰਦੀਪ ਸਿੰਘ ਦੀ ਮਾਂ ਸਰਬਜੀਤ ਕੌਰ ਨੇ ਕਿਹਾ ਉਨ੍ਹਾਂ ਦਾ ਪੁੱਤਰ ਆਪਣੇ ਦੋਸਤਾਂ ਨਾਲ ਦੁੱਖ ਨਿਵਾਰਨ ਸਾਹਿਬ ਜਾ ਰਿਹਾ ਸੀ। ਪੁਲਿਸ ਵੱਲੋਂ ਉਸ ਦਾ ਚਲਾਨ ਕੱਟ ਦਿੱਤਾ ਗਿਆ ਪਰ ਉਨ੍ਹਾਂ ਕੋਲ ਕਾਗਜ਼ ਪੂਰੇ ਸੀ ਤੇ ਪੁਲਿਸ ਕਰਮੀ ਦੇ ਨਸ਼ਾ ਕੀਤੇ ਹੋਣ ਨੂੰ ਲੈ ਕੇ ਬਹਿਸ ਹੋ ਗਈ।

ਉਨ੍ਹਾਂ ਮੰਗ ਕੀਤੀ ਕਿ ਨਾਕੇ ‘ਤੇ ਤਾਇਨਾਤ 3 ਪੁਲਿਸ ਕਰਮੀਆਂ ਨੂੰ ਡਿਸਮਿਸ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਸ ਦੇ ਬੇਟੇ ਦਾ ਇਲਾਜ ਵੀ ਸਹੀ ਨਹੀਂ ਹੋ ਰਿਹਾ, ਨਾ ਹੀ ਕੋਈ ਵੱਡਾ ਪੁਲਿਸ ਅਧਿਕਾਰੀ ਅਜੇ ਤੱਕ ਬਿਆਨ ਲੈਣ ਪੁੱਜਾ ਹੈ। ਉਹ ਇਨਸਾਫ ਲਈ ਅਦਾਲਤ ਤੱਕ ਪਹੁੰਚ ਕਰਨਗੇ। ਦੱਸ ਦਈਏ ਕਿ ਪੀੜਤ ਨੌਜਵਾਨਾਂ ਨੇ ਪੁਲਿਸ ਨਾਲ ਹੋ ਰਹੀ ਤਕਰਾਰ ਦਾ ਫੇਸਬੁੱਕ ਲਾਈਵ ਕਰ ਦਿੱਤਾ ਸੀ।

ਬੀਤੇ ਕੱਲ੍ਹ ਇਹ ਮਾਮਲਾ ਸਾਹਮਣੇ ਆਉਣ ‘ਤੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਤੁਰੰਤ ਕਰਵਾਈ ਕਰਦਿਆ ਥਾਣਾ ਸਨੌਰ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ। ਐਸਐਸਪੀ ਨੇ ਡਿਪਟੀ ਕਮਿਸ਼ਨਰ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਕਿ ਇਹ ਮਾਮਲਾ ਪਬਲਿਕ ਨਾਲ ਦੁਰਵਿਵਹਾਰ ਦਾ ਹੋਣ ਕਾਰਨ ਇਸ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਨਿਆਂਇਕ ਜਾਂਚ ਕਰਾਉਣੀ ਉਚਿਤ ਹੋਵੇਗੀ।


EDITED BY : SARA YAHA | | Last Updated :7:25 Pm 7 august 2018

LEAVE A REPLY

Please enter your comment!
Please enter your name here