

ਮਾਨਸਾ, 24 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਨੌਜਵਾਨਾਂ ਨੂੰ ਖੇਡਾਂ, ਪੜ੍ਹਾਈ ਅਤੇ ਉਦਮੀ ਕੰਮ ਧੰਦਿਆਂ ਨਾਲ ਜੋੜਨਾ ਜਰੂਰੀ ਹੈ। ਜਿਸ ਤਰ੍ਹਾਂ ਪੰਜਾਬ ਅੰਦਰ ਨਸ਼ਿਆਂ ਨੇ ਨੌਜਵਾਨੀ ਦੀ ਘਾਣ ਕੀਤਾ ਹੈ, ਜੇਕਰ ਅਸੀਂ ਨੌਜਵਾਨੀ ਨੂੰ ਨਾ ਬਚਾਇਆ ਤਾਂ ਦੇਸ਼ ਦਾ ਭਵਿੱਖ ਨਹੀਂ ਬਣ ਸਕੇਗਾ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਬੱਬੀ ਦਾਨੇਵਾਲੀਆ ਨੇ ਖਿਆਲਾ ਕਲਾਂ ਵਿਖੇ ਨੌਜਵਾਨਾਂ ਨੂੰ ਕ੍ਰਿਕਟ ਕਿੱਟਾਂ ਵੰਡਣ ਉਪਰੰਤ ਬੋਲਦਿਆਂ ਕਹੀ। ਉਨ੍ਹਾਂ ਕਿਹਾ ਕਿ ਇਸ ਧਰਤੀ ਨੇ ਹੀ ਭਵਿੱਖ ਵਿਚ ਖਿਡਾਰੀ, ਨੇਤਾ, ਉਦਯੋਗਪਤੀ, ਸਮਾਜ ਸੇਵੀ ਅਤੇ ਉਦਮੀ ਨੌਜਵਾਨ ਪੈਦਾ ਕਰਨੇ ਹਨ ਪਰ ਜੇਕਰ ਇਨ੍ਹਾਂ ਦੀ ਨੀਂਹ ਮਜਬੂਤ ਨਹੀਂ ਹੋਵੇਗੀ ਤਾਂ ਨੌਜਵਾਨਾਂ ਦਾ ਭਵਿੱਖ ਨਹੀਂ ਬਣ ਸਕੇਗਾ। ਇਸ ਕਰਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਨੌਜਵਾਨ ਖੇਡਾਂ ਨਾਲ ਲਗਾਤਾਰ ਜੁੜੇ ਰਹਿਣ, ਇਸ ਲਈ ਸਾਨੂੰ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦਾਨੇਵਾਲੀਆ ਸੇਵਾ ਟਰੱਸਟ ਵੱਲੋਂ ਕ੍ਰਿਕਟ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਅਤੇ ਕਿਹਾ ਕਿ ਕ੍ਰਿਕਟ, ਕਬੱਡੀ, ਫੁੱਟਬਾਲ ਅਤੇ ਹੋਰ ਖੇਡਾਂ ਖੇਡਣ ਵਾਲੇ ਖਿਡਾਰੀਆਂ ਨੂੰ ਵੀ ਉਹ ਇਸ ਟਰੱਸਟ ਵੱਲੋਂ ਸਹਿਯੋਗ ਅਤੇ ਉਤਸ਼ਾਹਿਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਟਰੱਸਟ ਦਾ ਮਕਸਦ ਨੌਜਵਾਨਾਂ ਨੂੰ ਪੂਰਨ ਤੌਰ ਤੇ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਉਹ ਨਸ਼ੇ, ਸਮਾਜਿਕ ਬੁਰਾਈਆਂ ਅਤੇ ਅਲਾਮਤਾਂ ਵਿਚ ਗ੍ਰਸਤ ਨਾ ਹੋਣ। ਇਸ ਮੌਕੇ ਖਿਡਾਰੀਆਂ ਨੇ ਵੀ ਮਨੀਸ਼ ਬੱਬੀ ਦਾਨੇਵਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਿੰਡ ਪਿੰਡ ਜਾ ਕੇ ਖਿਡਾਰੀਆਂ ਦੀ ਮੱਦਦ, ਉਨ੍ਹਾਂ ਨੂੰ ਖੇਡਾਂ ਦਾ ਸਮਾਨ ਉਪਲਬਧ ਕਰਵਾਉਣਾ ਜੋ ਉਦਮ ਕੀਤਾ ਹੈ, ਉਸ ਨਾਲ ਨੌਜਵਾਨਾਂ ਨੂੰ ਕਾਫ਼ੀ ਹੱਲਾਸ਼ੇਰੀ ਅਤੇ ਆਪਣੇ ਖੇਡ ਕਲੱਬ ਬਣਾਉਣ ਦੀ ਹਿੰਮਤ ਜਾਗੀ ਹੈ। ਇਸ ਮੌਕੇ ਉਨ੍ਹਾਂ ਨਾਲ ਸੱਤਪਾਲ ਸਿੰਘ, ਰਾਮ ਸਿੰਘ, ਨੈਬ ਸਿੰਘ, ਅਵਤਾਰ ਸਿੰਘ, ਜਸਦੀਪ ਸਿੰਘ, ਦਵਿੰਦਰ ਸਿੰਘ, ਪਰਵਿੰਦਰ ਬੰਟੀ ਅਤੇ ਸੁਖਚੈਨ ਸਿੰਘ ਆਦਿ ਹਾਜ਼ਰ ਸਨ।























