*ਨਿਗਰਾਨੀ ’ਤੇ ਬਿਠਾਏ ਚਪੜਾਸੀ ਨੇ ਬੈਂਕ ’ਚ ਉਡਾਇਆ 36 ਤੋਲੇ ਸੋਨਾ, ਪੁਲੀਸ ਨੇ ਮਾਮਲਾ ਕੀਤਾ ਦਰਜ*

0
279

ਬੁਢਲਾਡਾ  (ਸਾਰਾ ਯਹਾਂ/ਅਮਨ ਮੇਹਤਾ ) ਪੰਜਾਬ ਨੈਸ਼ਨਲ ਬੈਂਕ ਦੇ ਇੱਕ ਚਪੜਾਸੀ ਨੇ ਬੈਂਕ ਦੀ ਸੇਫ ਵਿੱਚ ਰੱਖੇ ਸੋਨੇ ’ਤੇ ਹੱਥ ਸਾਫ਼ ਕਰ ਦਿੱਤਾ ਹੈ।  ਹੈਰਾਨੀ ਦੀ ਗੱਲ ਹੈ ਕਿ ਚਪੜਾਸੀ ਨੇ ਬੈਂਕ ਵਿੱਚ ਰੱਖਿਆ ਲੋਕਾਂ ਦਾ ਕਰੀਬ 36 ਤੋਲੇ ਸੋਨਾ ਹੋਲੀ-ਹੌਲੀ ਚੋਰੀ ਕਰ ਲਿਆ, ਪਰ ਕਿਸੇ ਬੈਂਕ ਅਧਿਕਾਰੀ-ਕਰਮਚਾਰੀ ਨੂੰ ਇਸ ਭਿਣਕ ਨਹੀਂ ਪਈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਚਪੜਾਸੀ ਨੂੰ ਬੈਂਕ ਅਧਿਕਾਰੀਆਂ ਨੇ ਗੋਲਡ ਸੇਫ ਦੀ ਨਿਗਰਾਨੀ ’ਤੇ ਲਾਇਆ ਹੋਇਆ ਸੀ। ਜਦੋਂ ਸੇਫ ਵਿਚੋਂ ਸੋਨਾ ਗਾਇਬ ਹੋ ਗਿਆ ਤਾਂ ਬੈਂਕ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਬੈਂਕ ਪ੍ਰਬੰਧਕ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਇਸ ਮਸਲੇ ’ਚ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ। ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੀ ਗੋਲਡ ਸੇਫ ਵਿਚੋਂ ਚਪੜਾਸੀ ਗੁਰਪ੍ਰੀਤ ਸਿੰਘ ਨੇ 36 ਤੋਲੇ ਸੋਨਾ (6 ਗੋਲਡ ਪੈਕਟ) ਚੋਰੀ ਕਰ ਲਿਆ, ਜਿਸ ਦੀ ਕੀਮਤ ਕਰੀਬ 37 ਲੱਖ ਰੁਪਏ ਦੱਸੀ ਜਾ ਰਹੀ ਹੈ। ਥਾਣਾ ਸਿਟੀ ਬੁਢਲਾਡਾ ਦੀ ਪੁਲੀਸ ਨੂੰ ਬੈਂਕ ਦੇ ਚੀਫ਼ ਮੈਨੇਜਰ ਸੰਜੇ ਕੁਮਾਰ ਨੇ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲੀਸ ਨੇ ਚਪੜਾਸੀ ਗੁਰਪ੍ਰੀਤ ਸਿੰਘ ਦੇ ਖਿਲਾਫ਼ ਧਾਰਾ 305 (ਈ) ਬੀ.ਐਨ.ਐਸ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।  ਥਾਣਾ ਸਿਟੀ ਬੁਢਲਾਡਾ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਬੈਂਕ ਪ੍ਰਬੰਧਕ ਦੀ ਸ਼ਿਕਾਇਤ ’ਤੇ ਚਪੜਾਸੀ ਗੁਰਪ੍ਰੀਤ ਸਿੰਘ ਵਾਸੀ ਬੁਢਲਾਡਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵਿਚੋਂ ਚੋਰੀ ਹੋਇਆ ਸੋਨਾ ਅਤੇ ਉਕਤ ਸ਼ੰਕਾਵਾਂ ਦੇ ਆਧਾਰ ’ਤੇ ਪੁਲੀਸ ਇਸ ਮਾਮਲੇ ਦੀ ਤਫਤੀਸ਼ ਕਰਨ ’ਤੇ ਲੱਗੀ ਹੋਈ ਹੈ।


LEAVE A REPLY

Please enter your comment!
Please enter your name here