

ਮਾਨਸਾ 3 ਜੁਲਾਈ (ਸਾਰਾ ਯਹਾ,(BPS):ਨੇੜਲੇ ਪਿੰਡ ਕੋਰਵਾਲਾ ਚ ਨਹਿਰੀ ਪਾਣੀ ਦੀ ਤੰਗੀ ਕਰਕੇ ਕਿਸਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ । ਪਿੰਡ ਦੇ ਕਿਸਾਨ ਮਲਕੀਤ ਸਿੰਘ ਦਰਸ਼ਨ ਸਿੰਘ ਬਲਦੇਵ ਸਿੰਘ ਗੁਰਪਿੰਦਰ ਸਿੰਘ ਕਾਕਾ ਸਿੰਘ ਕੁਲਦੀਪ ਸਿੰਘ, ਕਲੱਬ ਪ੍ਰਧਾਨ ਅਮਨਦੀਪ ਸਿੰਘ, ਦਰਸ਼ਨ ਸਿੰਘ, ਗੁਰਚਰਨ ਸਿੰਘ’ ਡਾ ਹਰਦੇਵ ਸਿੰਘ, ਸੁਖਵਿੰਦਰ ਸਿੰਘ ਮਾਨ,ਅਤੇ ਜਗਸੀਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੀ 1600 ਏਕੜ ਜਮੀਨ ਹੈ। ਜਿਸ ਨੂੰ ਲਹਿਲ ਡਿਵੀਜ਼ਨ ਦੀ ਦਲੇਲਵਾਲਾ ਬ੍ਰਾਂਚ ਰਾਹੀਂ ਨਹਿਰੀ ਪਾਣੀ ਆ ਰਿਹਾ ਹੈ। ਨਹਿਰੀ ਟੇਲ ਤੇ ਹੋਣ ਕਰਕੇ ਪਿੰਡ ਨੂੰ ਨਹਿਰੀ ਪਾਣੀ ਕਦੇ ਵੀ ਪੂਰਾ ਨਹੀਂ ਪਹੁੰਚਿਆ। ਕਿਉਂਕਿ ਰਸਤੇ ਚ ਪੈਂਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਨਹਿਰੀ ਪਾਣੀ ਚੋਰੀ ਕਰ ਲਿਆ ਜਾਂਦਾ ਹੈ ਜਾਂ ਪਾਣੀ ਨੂੰ ਅੱਗੇ ਜਾਣ ਤੋਂ ਰੋਕਣ ਲਈ ਉਹਦੇ ਵਿੱਚ ਬੰਨ੍ਹ ਵਗੈਰਾ ਲਗਾ ਦਿੱਤਾ ਜਾਂਦਾ ਹੈ। ਜਿਸ ਕਰਕੇ ਸਾਡੇ ਪਿੰਡ ਤੱਕ ਨਹਿਰੀ ਪਾਣੀ ਨਾ ਮਾਤਰ ਹੀ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨੂੰ ਨਹਿਰੀ ਪਾਣੀ ਸਿਰਫ ਤਿੰਨ ਹਾਲਤਾਂ ਦੌਰਾਨ ਹੀ ਪਹੁੰਚਦਾ ਹੈ। ਜਿਆਦਾ ਮੀਂਹ ਪੈਣ ਸਮੇਂ, ਰਜਵਾਹੇ ਵਿੱਚ ਕੋਈ ਮਨੁੱਖੀ ਲਾਸ਼ ਤੈਰਦੀ ਨੂੰ ਅੱਗੇ ਤੋਰਨ ਲਈ ਜਾਂ ਕਿਸੇ ਅਫਸਰ ਜਾਂ ਵੀ.ਆਈ.ਪੀ. ਦੇ ਆਉਣ ਸਮੇਂ ਹੀ ਪਹੰਚਦਾ ਹੈ। ਇਨ੍ਹਾਂ ਤਿੰਨਾਂ ਹਾਲਤਾਂ ਤੋਂ ਬਿਨਾਂ ਸਾਡੇ ਪਿੰਡ ਨੂੰ 15 ਤੋਂ 20 ਫੀਸਦੀ ਹੀ ਪਾਣੀ ਮਿਲਦਾ ਹੈ। ਪਿੰਡ ਦੇ ਵਧੇਰੇ ਕਿਸਾਨ ਤਾਂ ਅਜਿਹੇ ਹਨ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਪਾਣੀ ਦਾ ਨੱਕਾ ਹੀ ਵੱਢ ਕੇ ਨਹੀਂ ਵੇਖਿਆ । ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਸਾਡੇ ਪਿੰਡ ਨੂੰ ਭਾਖੜਾ ਮੇਨ ਬਰਾਂਚ ਨਾਲ ਜੋੜਿਆ ਜਾਵੇ। ਕਿਉਂਕ ਪਿੰਡ ਦੀ ਜ਼ਮੀਨ ਚੋ ਕੁਝ ਤਾਂ ਬੰਜਰ ਹੋ ਚੁੱਕੀ ਹੈ ਤੇ ਤੇ ਕੁਝ ਨਹਿਰੀ ਪਾਣੀ ਦੀ ਘਾਟ ਹੋਣ ਕਾਰਨ ਬੰਜਰ ਹੋਣ ਕਿਨਾਰੇ ਹੈ। ਉਨ੍ਹਾਂ ਦੱਸਿਆ ਕਿ ਧਰਤੀ ਹੇਠਲਾ ਪਾਣੀ ਸੋਰੇ ਵਾਲਾ ਹੈ ਪਰ ਫਿਰ ਵੀ ਅਸੀਂ ਆਪਣੀਆਂ ਫਸਲਾਂ ਪਾਲਣ ਲਈ ਮਜਬੂਰੀ ਵੱਸ ਧਰਤੀ ਹੇਠਲਾ ਸੋਰੇ ਵਾਲਾ ਪਾਣੀ ਵਰਤ ਰਹੇ ਹਾਂ। ਉਨ੍ਹਾਂ ਸੂਬਾ ਸਰਕਾਰ ਅਤੇ ਸਬੰਧਿਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦਾ ਸਹੀ ਪ੍ਰਬੰਧ ਕੀਤਾ ਜਾਵੇ।ਇਸ ਸਬੰਧੀ ਐੱਸਡੀਓ ਨਰਿੰਦਰ ਗੋਇਲ ਨੇ ਕਿਹਾ ਕਿ ਇਸ ਬਰਾਂਚ ਨੂੰ ਬਣਦਾ ਪੂਰਾ ਪਾਣੀ ਜਾ ਰਿਹਾ ਹੈ ਫਿਰ ਵੀ ਜੇਕਰ ਕੋਈ ਮੁਸ਼ਕਲ ਆ ਰਹੀ ਹੈ ਤਾਂ ਚੈੱਕ ਕਰ ਲਿਆ ਜਾਵੇਗਾ।























