

ਚੰਡੀਗੜ੍ਹ (ਸਾਰਾ ਯਹਾ) : ਨਸ਼ਿਆਂ ਖਿਲਾਫ ਰੋਸ ਧਰਨੇ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦਾ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਕੈਪਟਨ ਨੂੰ ਨਸ਼ਿਆਂ ਬਾਰੇ ਜ਼ਮੀਨੀ ਸੱਚ ਤੋਂ ਜਾਣੂੰ ਕਰਵਾਇਆ ਗਿਆ।
ਭਗਵੰਤ ਮਾਨ ਨੇ ਦੱਸਿਆ ਕਿ ਨਸ਼ਿਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਨਾਲ ਵਿਸਤਾਰ ਨਾਲ ਵਿਚਾਰ ਚਰਚਾ ਕੀਤੀ ਗਈ ਤੇ ਮੁੱਖ ਮੰਤਰੀ ਨੇ ਧਿਆਨ ਨਾਲ ਗੱਲਬਾਤ ਸੁਣੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁੱਖ ਮੰਤਰੀ ਤੋਂ ਨਸ਼ਾ ਤਸਕਰਾਂ ਖਿਲਾਫ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਗਈ ਤੇ ਐਸਟੀਐਫ ਨੂੰ ਆਜ਼ਾਦ ਕਰਨ ਲਈ ਵੀ ਕਿਹਾ ਗਿਆ।
ਇਸ ਤੋਂ ਇਲਾਵਾ ਐਸਟੀਐਫ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਵੀ ਕੀਤੀ ਗਈ ਤਾਂ ਜੋ ਨਸ਼ੇ ਦੇ ਵੱਡੇ ਸੌਦਾਗਰਾਂ ਦੇ ਨਾਂਅ ਸਾਹਮਣੇ ਆ ਸਕਣ। ਇਸ ਦੇ ਨਾਲ ਹੀ ਨਸ਼ਿਆਂ ਦੇ ਮੁੱਦੇ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦੀ ਮੰਗ ਵੀ ਰੱਖੀ ਤਾਂ ਜੋ ਆਪੋ-ਆਪਣੇ ਹਲਕੇ ਦੀ ਗਰਾਊਂਡ ਰਿਐਲਟੀ ਤੋਂ ਜਾਣੂ ਕਰਾਇਆ ਜਾ ਸਕੇ।
ਇਸ ਮੌਕੇ ਖਹਿਰਾ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਇਸ ਬੈਠਕ ਦੌਰਾਨ ਨਸ਼ਿਆਂ ‘ਚ ਪੁਲਿਸ ਦੀ ਸ਼ਮੂਲੀਅਤ ਬਾਰੇ ਵੀ ਜਾਣੂ ਕਰਵਾਇਆ ਗਿਆ ਜਿਸ ‘ਚ ਕਾਂਸਟੇਬਲ ਤੋਂ ਲੈਕੇ ਪੁਲਿਸ ਦੇ ਵੱਡੇ ਅਧਿਕਾਰੀ ਤੱਕ ਸ਼ਾਮਿਲ ਹਨ। ਡੀਜੀਪੀ ਚਟੋਪਾਧਿਆਇ ਦੁਆਰਾ ਪੰਜਾਬ ਦੇ ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਤੇ ਜੋ ਇਲਜ਼ਾਮ ਲੱਗੇ ਸਨ ਇਸ ਤੇ ਵੀ ਕਾਰਵਾਈ ਕਰਨ ਲਈ ਕਿਹਾ ਗਿਆ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਨਾਲ ਅੱਜ ਦੀ ਮੀਟਿੰਗ ਬਹੁਤ ਸਾਕਾਰਾਤਮਕ ਰਹੀ ਤੇ ਉਮੀਦ ਹੈ ਕਿ ਮੁੱਖ ਮੰਤਰੀ ਇਨ੍ਹਾਂ ਸਾਰੀਆਂ ਮੰਗਾਂ ‘ਤੇ ਗ਼ੌਰ ਕਰਨਗੇ।
EDITED BY : SARA YAHA | | Last Updated :9:05 PM 03 JULY 2018























