

ਮਾਨਸਾ, 27 ਨਵੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਮਾਨਸਾ ਪੁਲਿਸ ਵੱਲੋ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਅੱਜ ਉਸ ਵੇਲੇ ਸਫਲਤਾ ਮਿਲੀ ਜਦੋਂ ਸੀ. ਆਈ. ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਲਿਆਂਦੀ 3 ਕਿੱਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ।
ਇਸ ਸਬੰਧੀ ਪ੍ਰੈਸ ਨੂੰ ਸੰਬੋਧਨ ਕਰਦਿਆਂ ਮਾਨਸਾ ਦੇ ਐਸ.ਐਸ.ਪੀ ਸ਼੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਅੱਜ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਏ.ਐਸ.ਆਈ. ਸ਼੍ਰੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਝੁਨੀਰ ਥਾਣੇ ਦੀ ਹੱਦ ਅੰਦਰ ਗੁਰਲਾਲ ਸਿੰਘ ਵਾਸੀ ਦਾਨੇਵਾਲਾ ਪਾਸੋਂ 3 ਕਿੱਲੋ ਅਫੀਮ ਬਰਾਮਦ ਕੀਤੀ ਹੈ ।
ਉਨਾਂ ਦੱਸਿਆ ਕਿ ਇਹ ਵਿਅਕਤੀ ਪਿਛਲੇ ਕਰੀਬ 2,3 ਮਹੀਨਿਆਂ ਤੋ ਅਫੀਮ ਦੀ ਤਸਕਰੀ ਦਾ ਧੰਦਾ ਕਰ ਰਿਹਾ ਸੀ, ਜਿਸ ਨੂੰ ਅੱਜ ਕਾਬੂ ਕਰ ਕੇ ਐਨ. ਡੀ. ਪੀ. ਐਸ. ਐਕਟ ਦੇ ਅਧੀਨ ਥਾਣਾ ਝੁਨੀਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ।
ਮੁੱਢਲੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਗੁਰਲਾਲ ਸਿੰਘ (50) ਨੂੰ ਮੱਧ ਪ੍ਰਦੇਸ ਤੋਂ ਕੋਈ ਵਿਅਕਤੀ ਅਫੀਮ ਸਪਲਾਈ ਕਰ ਕੇ ਗਿਆ ਸੀ, ਜਿਸ ਬਾਰੇ ਡੂੰਘਾਈ ਨਾਲ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਮੁਜ਼ਰਮ ਨੇ ਇਹ ਅਫੀਮ 1 ਲੱਖ 30 ਹਜ਼ਾਰ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦ ਕੀਤੀ ਸੀ ਅਤੇ ਅੱਗੇ 2 ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਣੀ ਸੀ ।
ਉਨਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ ।
ਨਸ਼ਾ ਤਸਕਰਾਂ ਨੂੰ ਤਾੜਨਾ ਕਰਦਿਆਂ ਐਸ.ਐਸ.ਪੀ. ਸ਼੍ਰੀ ਮਨਧੀਰ ਸਿੰਘ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ਨਾਲ ਜੁੜੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. (ਡੀ) ਸ਼੍ਰੀ ਅਨਿਲ ਕੁਮਾਰ ਵੀ ਮੌਜੂਦ ਸਨ।
ਮਾਨਸਾ ਪੁਲਿਸ ਵੱਲੋ ਇਸ ਮਹੀਨੇ ਨਸ਼ਿਆ ਖਿਲਾਫ ਕੀਤੀ ਗਈ ਕਾਰਗੁਜਾਰੀ ਦਾ ਵੇਰਵਾ
ਐਸ.ਐਸ.ਪੀ. ਮਾਨਸਾ ਸ਼੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਐਨ.ਡੀ.ਪੀ.ਐਸ. ਐਕਟ ਦੇ ਵੱਖ-ਵੱਖ ਕੇਸਾਂ ਵਿਚ ਹੁਣ ਤੱਕ 57 ਕਿਲੋ ਭੁੱਕੀ ਬ੍ਰਾਮਦ ਕੀਤੀ ਗਈ ਹੈ ਅਤੇ 13 ਵਿਅਕਤੀਆਂ ਨੂੰ ਵੱਖ-ਵੱਖ ਕੇਸਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰਾਂ ਹੀ ਆਬਕਾਰੀ ਐਕਟ ਤਹਿਤ ਵੱਖ-ਵੱਖ ਕੇਸਾਂ ਵਿਚ 67 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ 2 ਚਾਲੂ ਭੱਠੀਆਂ, 530 ਲੀਟਰ ਲਾਹਣ ਅਤੇ 429 ਪੇਟੀਆਂ ਸ਼ਰਾਬ ਬਰਾਮਦ ਕੀਤੇ ਗਏ ਹਨ।
EDITED BY : SARA YAHA | | Last Updated : 7:18 PM 27 ਨਵੰਬਰ 2018
























